
ਭਾਜਪਾ ਆਗੂ ਤਜਿੰਦਰ ਪਾਲ ਬੱਗਾ ਪੰਜਾਬ ਪੁਲਿਸ ਵਲੋਂ ਦਿੱਲੀ ਤੋਂ ਗਿ੍ਫ਼ਤਾਰ
ਪੰਜਾਬ ਲੈ ਕੇ ਆ ਰਹੀ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਰੋਕਿਆ, ਦਿੱਲੀ ਪੁਲਿਸ ਛੁਡਾ ਕੇ ਲੈ ਗਈ ਅਪਣੇ ਨਾਲ
ਨਵੀਂ ਦਿੱਲੀ, 6 ਮਈ : ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਦੀ ਗਿ੍ਫ਼ਤਾਰੀ ਤੋਂ ਬਾਅਦ ਸਿਆਸੀ ਹੰਗਾਮਾ ਤੇਜ਼ ਹੋ ਗਿਆ ਹੈ | ਸਾਹਮਣੇ ਆਈ ਤਾਜ਼ਾ ਜਾਣਕਾਰੀ ਅਨੁਸਾਰ ਬੱਗਾ ਨੂੰ ਪੰਜਾਬ ਪੁਲਿਸ ਦੀ ਟੀਮ ਦਿੱਲੀ ਤੋਂ ਪੰਜਾਬ ਲੈ ਕੇ ਆ ਰਹੀ ਸੀ ਪਰ ਹਰਿਆਣਾ ਪੁਲਿਸ ਨੇ ਕੁਰੂਕੁਸ਼ੇਤਰ 'ਚ ਹੀ ਉਨ੍ਹਾਂ ਦਾ ਕਾਫ਼ਲਾ ਰੋਕ ਲਿਆ | ਪੰਜਾਬ ਪੁਲਿਸ 'ਤੇ ਦਿੱਲੀ 'ਚ ਬੱਗਾ ਨੂੰ ਅਗਵਾ ਕਰਨ ਦੀ ਐਫ਼.ਆਈ.ਆਰ. ਵੀ ਦਰਜ ਕੀਤੀ ਗਈ ਹੈ |
ਬੱਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ ਅਗਵਾ ਦਾ ਕੇਸ ਦਰਜ ਕੀਤਾ ਹੈ | ਬੱਗਾ ਦੀ ਗਿ੍ਫ਼ਤਾਰੀ ਹੁਣ ਸੂਬਿਆਂ ਦੀ ਪੁਲਿਸ ਦਾ ਮਾਮਲਾ ਬਣ ਗਿਆ ਹੈ | ਜਿਥੇ ਪੁਲਿਸ ਪੁਲਸ ਨੇ ਬੱਗਾ ਨੂੰ ਗਿ੍ਫ਼ਤਾਰ ਕੀਤਾ ਹੈ ਤਾਂ ਉੱਥੇ ਹੀ ਦਿੱਲੀ ਪੁਲਿਸ 'ਚ ਬੱਗਾ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਉਨ੍ਹਾਂ ਨਾਲ ਪੰਜਾਬ ਪੁਲਿਸ ਨੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਦਾ ਮੋਬਾਇਲ ਖੋਹ ਲਿਆ | ਉੱਥੇ ਹੀ ਹਰਿਆਣਾ ਪੁਲਿਸ ਵੀ ਮਾਮਲੇ 'ਚ ਸਰਗਰਮ ਹੋ ਗਈ ਹੈ ਅਤੇ ਉਸ ਨੇ ਕੁਰੂਕੁਸ਼ੇਤਰ 'ਚ ਪੰਜਾਬ ਪੁਲਿਸ ਨੂੰ ਰੋਕ ਲਿਆ |
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 153 ਏ (2 ਭਾਈਚਾਰਿਆਂ ਵਿਚਾਲੇ ਤਣਾਅ ਪੈਦਾ ਕਰਨਾ) 505 (ਅਫ਼ਵਾਹਾਂ ਫੈਲਾਉਣਾ) ਅਤੇ 506 (ਧਮਕੀ ਦੇਣਾ) ਦੇ ਅਧੀਨ ਮਾਮਲਾ ਦਰਜ ਕੀਤਾ ਸੀ | ਇਸ ਤੋਂ ਪਹਿਲਾਂ ਵੀ, ਪੰਜਾਬ ਪੁਲਿਸ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ ਰਾਸ਼ਟਰੀ ਰਾਜਧਾਨੀ ਆਈ ਸੀ ਪਰ ਬੱਗਾ ਦੇ ਘਰ ਨਹੀਂ ਹੋਣ ਕਾਰਨ ਕਾਮਯਾਬੀ ਹਾਸਲ ਨਹੀਂ ਹੋਈ |
ਪੰਜਾਬ ਪੁਲਿਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਸ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੂੰ ਪਿਛਲੇ ਮਹੀਨੇ ਮੋਹਾਲੀ 'ਚ ਉਨ੍ਹਾਂ ਵਿਰੁਧ ਦਰਜ ਇਕ ਮਾਮਲੇ ਦੇ ਸਿਲਸਿਲੇ 'ਚ ਰਾਸ਼ਟਰੀ ਰਾਜਧਾਨੀ ਸਥਿਤ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਹੈ | ਪੰਜਾਬ ਪੁਲਿਸ ਅਨੁਸਾਰ, ਬੱਗਾ ਨੂੰ ਪੰਜਾਬ ਲਿਜਾਇਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੂੰ ਇਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਪੰਜਾਬ ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਅਪਰਾਧ ਦੰਡ ਨਿਯਮਾਵਲੀ ਦੀ ਧਾਰਾ 41ਏ ਅਧੀਨ ਜਾਂਚ 'ਚ ਸ਼ਾਮਲ ਹੋਣ ਲਈ ਪੰਜ ਨੋਟਿਸ ਦਿਤੇ ਗਏ ਸਨ | 9, 11, 15, 22 ਅਤੇ 28 ਅਪ੍ਰੈਲ ਨੂੰ ਨੋਟਿਸ ਦਿਤੇ ਗਏ ਸਨ | ਇਸ ਦੇ ਬਾਵਜੂਦ ਉਹ ਜਾਂਚ ਵਿਚ ਸ਼ਾਮਲ ਨਹੀਂ ਹੋਇਆ | ਪੰਜਾਬ ਪੁਲਿਸ ਨੇ ਕਿਹਾ ਕਿ ਕਾਨੂੰਨ ਦੀ ਉਚਿਤ ਪ੍ਰਕ੍ਰਿਆ ਦਾ ਪਾਲਨ ਕਰਦਿਆਂ ਬੱਗਾ ਨੂੰ ਸ਼ੁਕਰਵਾਰ ਨੂੰ ਦਿੱਲੀ ਦੇ ਜਨਕਪੁਰੀ ਇਲਾਕੇ 'ਚ ਸਥਿਤ ਘਰ ਤੋਂ ਗਿ੍ਫਤਾਰ ਕੀਤਾ ਗਿਆ ਹੈ | ਇਸ ਵਿਚ ਦਿੱਲੀ ਪੁਲਿਸ ਨੇ ਬੱਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਜਨਕਪੁਰੀ ਥਾਣੇ 'ਚ ਅਗਾਵ ਦਾ ਮਾਮਲਾ ਦਰਜ ਕੀਤਾ ਹੈ | ਬੱਗਾ ਦੇ ਪਿਤਾ ਨੇ ਸ਼ਿਕਾਇਤ ਕੀਤੀ ਹੈ ਕਿ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਬੇਟੇ ਨੂੰ ਲੈ ਗਏ |
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਭੜਕਾਊ ਬਿਆਨ ਦੇਣ, ਦੁਸ਼ਮਣ ਨੂੰ ਉਤਸ਼ਾਹ ਦੇਣ ਅਤੇ ਅਪਰਾਧਕ ਧਮਕੀ ਦੇਣ ਦੇ ਦੋਸ਼ 'ਚ ਬੱਗਾ ਵਿਰੁਧ ਮਾਮਲਾ ਦਰਜ ਕੀਤਾ ਸੀ | ਪੁਲਿਸ ਨੇ ਮੋਹਾਲੀ 'ਚ ਰਹਿਣ ਵਾਲੇ ਸੰਨੀ ਅਹਲੂਵਾਲੀਆ ਨਾਮੀ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਸੀ | ਪੰਜਾਬ ਪੁਲਿਸ ਨੇ ਦਸਿਆ ਕਿ ਇਕ ਅਪ੍ਰੈਲ ਨੂੰ ਦਰਜ ਕੀਤੀ ਗਈ ਐਫ਼.ਆਈ.ਆਰ. ਅਨੁਸਾਰ, 30 ਮਾਰਚ ਨੂੰ ਬੱਗਾ ਨੇ ਦਿੱਲੀ 'ਚ ਮੁੱਖ ਮੰਤਰੀ ਘਰ ਦੇ ਬਾਹਰ ਭਾਜਪਾ ਯੂਥ ਮੋਰਚਾ ਦੇ ਵਿਰੋਧ-ਪ੍ਰਦਰਸ਼ਨ 'ਚ ਹਿੱਸਾ ਲਿਆ ਸੀ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ |
ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਹੁੰਚ ਕੀਤੀ ਹੈ |ਇਸੇ ਘਟਨਾਕ੍ਰਮ ਨੰੂ ਲੈ ਕੇ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਵਾਲਿਆਂ ਨੂੰ ਹਰਿਆਣਾ ਤੇ ਦਿੱਲੀ ਪੁਲਿਸ ਕੋਲੋਂ ਛੁਡਵਾਉਣ ਲਈ ਬੰਦੀ ਪ੍ਰਤੱਖੀਕਰਣ ਪਟੀਸ਼ਨ ਦਾਖ਼ਲ ਕਰ ਦਿੱਤੀ | ਇਸ ਪਟੀਸ਼ਨ ਵਿੱਚ ਕਿਤੇ ਵੀ ਤੇਜਿੰਦਰਪਾਲ ਬੱਗਾ ਨੰੂ ਛੁਡਵਾਉਣ ਦਾ ਜਿਕਰ ਨਹੀਂ ਸੀ | ਇਹ ਕੇਸ ਜਸਟਿਸ ਲਲਿਤ ਬੱਤਰਾ ਦੀ ਬੈਂਚ ਕੋਲ ਸੁਣਵਾਈ ਲਈ ਆਇਆ | ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਤੇ ਸੀਨੀਅਰ ਵਕੀਲ ਪੁਨੀਤ ਬਾਲੀ ਪੇਸ਼ ਹੋਏ | ਉਨ੍ਹਾਂ ਨੇ ਬੈਂਚ ਦਾ ਧਿਆਨ ਦਿਵਾਇਆ ਕਿ ਪੰਜਾਬ ਪੁਲਿਸ ਦੀ ਟੀਮ ਜਨਕਪੁਰੀ ਤੋਂ ਬੱਗਾ ਨੂੰ ਗਿਰਫਤਾਰ ਕਰਨ ਗਈ ਸੀ | ਦਲੀਲ ਦਿੱਤੀ ਕਿ ਇੱਕ ਟੀਮ ਬੱਗਾ ਦੇ ਘਰ ਉਸ ਨੂੰ ਹਿਰਾਸਤ ਵਿੱਚ ਲੈਣ ਗਈ ਤੇ ਦੂਜੀ ਪੁਲਿਸ ਜਨਕਪੁਰੀ ਥਾਣੇ ਨੂੰ ਇਸ ਗਿਰਫਤਾਰੀ ਦੀ ਜਾਣਕਾਰੀ ਦੇਣ ਗਈ ਪਰ ਥਾਣੇ ਗਈ ਪੰਜਾਬ ਪੁਲਿਸ ਦੀ ਕੋਈ ਸੁਣਵਾਈ ਨਹੀਂ ਹੋਈ |
ਬੈਂਚ ਨੇ ਜਿਥੇ ਹਰਿਆਣਾ ਸਰਕਾਰ ਕੋਲੋਂ ਪੁੱਛਿਆ ਕਿ ਕਿਸ ਅਥਾਰਟੀ ਤਹਿਤ ਪੰਜਾਬ ਪੁਲਿਸ ਨੂੰ ਰੋਕਿਆ ਗਿਆ ਤੇ ਥਾਣੇ ਬਿਠਾਇਆ ਗਿਆ, ਉਥੇ ਦਿੱਲੀ ਪੁਲਿਸ ਨੂੰ ਵੀ ਸਥਿਤੀ ਸਪਸ਼ਟ ਕਰਨ ਦੀ ਹਦਾਇਤ ਕੀਤੀ | ਹਾਲਾਂਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਪੁੱਛਿਆ ਕਿ ਆਖਰ ਜੇਕਰ ਬੱਗਾ ਨੂੰ ਗਿਰਫਤਾਰ ਕਰਨਾ ਸੀ ਤਾਂ ਪੰਜਾਬ ਪੁਲਿਸ ਨੇ ਅਦਾਲਤ ਕੋਲੋਂ ਵਾਰੰਟ ਹਾਸਲ ਕਿਉਂ ਨਹੀਂ ਕੀਤੇ | ਇਸ ਮਾਮਲੇ ਵਿਚ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਦਿੱਲੀ ਅਦਾਲਤ ਨੂੰ ਵੀ ਬੇਨਤੀ ਕਰੇਗੀ ਕਿ ਬੱਗਾ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇ, ਕਿਉਂਕਿ ਉਹ ਪੰਜਾਬ ਦਾ ਮੁਲਜ਼ਮ ਹੈ |