
ਬੱਚਿਆਂ ਲਈ ਘਾਤਕ ਸਾਬਤ ਹੋ ਰਹੀ ‘ਪਬਜੀ’ ਗੇਮ ਦਾ ਮਾਮਲਾ
ਚੰਡੀਗੜ੍ਹ, 6 ਜੂਨ (ਨੀਲ ਭਲਿੰਦਰ ਸਿੰਘ) : ‘ਪਬਜੀ‘ (ਪਲੇਅਰਜ਼ ਆਨਨੋਨ ਬੈਟਲ ਗ੍ਰਾਊਂਡ) ਨਾਂ ਦੀ ਇਕ ਮੋਬਾਈਲ ਗੇਮ ਨੂੰ ਕੇਂਦਰੀ ਬਿਜਲਈ ਅਤੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਵਲੋਂ ਬੜੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਕੇਂਦਰੀ ਮੰਤਰਾਲੇ ਦੇ ਵਧੀਕ ਡਾਇਰੈਕਟਰ ਧਵਲ ਗੁਪਤਾ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਬਾਰੇ ‘ਪਬਜੀ’ ਕੋਲੋਂ ਅਪ੍ਰੈਲ ਮਹੀਨੇ ਕੀਤੀ ਗਈ ਜਵਾਬ ਤਲਬੀ ਦੇ ਹਾਂ ਪੱਖੀ ਸਿੱਟੇ ਨਿਕਲੇ ਹਨ। ਜਿਨ੍ਹਾਂ ਤਹਿਤ ਖ਼ੁਦ ਗੇਮ ਕੰਪਨੀ ਨੇ ਬੱਚਿਆਂ ਦੀ ਸਿਹਤ ਸੁਰਖਿਆ ਨੂੰ ਲੈ ਕੇ ਖੁਦ ਕੁੱਝ ਅਹਿਮ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਤਹਿਤ ਹੁਣ ਕੁੱਝ-ਕੁੱਝ ਮਸਲਨ ਦੂਜੇ, ਤੀਜੇ ਅਤੇ ਪੰਜਵੇਂ ਘੰਟੇ ਬਾਅਦ ਬਚਾ ਖ਼ੁਦ ਇਕ ਘੰਟੇ ਦਾ ਅੰਤਰਾਲ ਲੈਣ ਲਈ ਮਜਬੂਰ ਹੋ ਜਾਵੇਗਾ।
file photo
ਇਸ ਦੇ ਨਾਲ ਹੀ ਬੱਚੇ ਨੂੰ ਪ੍ਰਤੀ ਦਿਨ ਵੱਧ ਤੋਂ ਵੱਧ ਪੰਜ ਘੰਟੇ ਹੀ ਇਹ ਗੇਮ ਖੇਡਣ ਨੂੰ ਮਿਲ ਸਕਿਆ ਕਰਨਗੇ। ਇਸ ਤੋਂ ਇਲਾਵਾ ਤਿੰਨ ਘੰਟੇ ਮਗਰੋਂ ਓਟੀਪੀ (ਵਨ ਟਾਈਮ ਪਾਸਵਰਡ) ਪ੍ਰਣਾਲੀ ਤਹਿਤ ਮਾਪਿਆਂ ਦੀ ਸਹਿਮਤੀ ਸ਼ਾਮਲ ਕਰਨ ਦਾ ਨਿਯਮ ਵੀ ਅਪਣਾਇਆ ਜਾ ਰਿਹਾ ਹੈ। ਕੇਂਦਰੀ ਅਧਿਕਾਰੀ ਵਲੋਂ ਇਹ ਜਾਣਕਾਰੀ ਇਸ ਬਾਬਤ ਸ਼ਿਕਾਇਤ ਕਰਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰੀ ਚੰਦ ਅਰੋੜਾ ਨੂੰ ਈਮੇਲ ਰਾਹੀਂ ਪ੍ਰਦਾਨ ਕੀਤੀ ਗਈ।
ਦਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਕਤ ਮੰਤਰਾਲੇ ਨੂੰ ਇਸ ਮਾਮਲੇ ’ਤੇ ਗੌਰ ਕਰਨ ਦੀ ਹਦਾਇਤ ਕੀਤੀ ਸੀ ਕਿਉਂਕਿ ਇਹ ਗੇਮ ਅੱਜ-ਕਲ ਭਾਰਤ ਵਿਚ ਬੱਚਿਆਂ ਲਈ ਬਹੁਤ ਵੱਡਾ ਖ਼ਤਰਾ ਸਾਬਤ ਹੋ ਰਹੀ ਹੈ। ਆਏ ਦਿਨ ਇਸ ਗੇਮ ਦੇ ਪਲਾਨ ਵਿਚ ਫਸ ਕੇ ਕਈ ਬੱਚੇ ਖੁਦਕੁਸ਼ੀ ਤਕ ਕਰ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਸ ਬਾਰੇ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ।
ਐਡਵੋਕੇਟ ਹਰੀ ਚੰਦ ਅਰੋੜਾ ਵਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਪਟੀਸ਼ਨਰ ਵੱਲੋਂ ਪਹਿਲਾਂ ਹੀ ਇਸ ਬਾਰੇ ਉਕਤ ਮੰਤਰਾਲੇ ਨੂੰ ਇੱਕ ਰਿਪ੍ਰੈਜ਼ੈਂਟੇਸ਼ਨ ਭੇਜੀ ਜਾ ਚੁੱਕੀ ਹੈ। ਹਾਈ ਕੋਰਟ ਨੇ ਕੇਂਦਰੀ ਮੰਤਰਾਲੇ ਨੂੰ ਉਕਤ ਰੀਪ੍ਰੀਜੈਂਟੇਸ਼ਨ ਤੇ ਫੈਸਲਾ ਲੈਣ ਦੀ ਹਦਾਇਤ ਕੀਤੀ ਹੈ।
ਦਸਣਯੋਗ ਹੈ ਕਿ ਇਹ ਮੋਬਾਈਲ ਫ਼ੋਨ ਗੇਮ ਹੈ ਜੋ ਕਿ ਬੜੀ ਹੀ ਘਾਤਕ ਸਾਬਤ ਹੋ ਰਹੀ ਹੈ। ਬੱਚੇ ਪਹਿਲਾਂ ਇਸ ਨੂੰ ਅਪਣੇ ਮੋਬਾਈਲ ਫ਼ੋਨ ਵਿਚ ਡਾਊਨਲੋਡ ਕਰਦੇ ਹਨ। ਫਿਰ ਇਹ ਗੇਮ ਰਾਹੀਂ ਬੈਕਐਂਡ ਤੋਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਹਦਾਇਤਾਂ ਅਤੇ ਵੱਖ ਵੱਖ ਪੜਾਅ ਦਿਤੇ ਜਾਂਦੇ ਹਨ। ਬੱਚੇ ਜਿਸ ਨੂੰ ਮੰਨਦੇ ਮੰਨਦੇ ਇਸ ਗੇਮ ਦੇ ਪਲਾਂਨ ਵਿਚ ਇੰਨੀ ਬੁਰੀ ਤਰ੍ਹਾਂ ਫਸ ਜਾਂਦੇ ਹਨ ਕਿ ਬੱਚਿਆਂ ਨੂੰ ਜੋ ਵੀ ਹਦਾਇਤ ਜਾਰੀ ਕੀਤੀ ਜਾਂਦੀ ਹੈ, ਬੱਚੇ ਉਸ ਨੂੰ ਮੰਨਣਾ ਅਪਣਾ ਧਰਮ ਸਮਝਣ ਲੱਗ ਪੈਂਦੇ ਹਨ ਤੇ ਇਕ ਸਥਿਤੀ ਐਸੀ ਆਉਂਦੀ ਹੈ ਕਿ ਬੱਚੇ ਨੂੰ ਖੁਦਕਸ਼ੀ ਜਿਹਾ ਕਦਮ ਚੁੱਕਣ ਤਕ ਦੀ ਹਦਾਇਤ ਕਰ ਦਿਤੀ ਜਾਂਦੀ ਹੈ ਤੇ ਬਹੁਤ ਸਾਰੇ ਬੱਚੇ ਹੁਣ ਤਕ ਇਸ ਵਿਚ ਉਲਝ ਕੇ ਅਪਣੀ ਜਾਨ ਗੁਆ ਚੁੱਕੇ ਹਨ।