
ਇਸ ਦੇ ਨਾਲ ਹੀ ਉਹਨਾਂ ਵੱਲੋਂ ਇਕ 7 ਮੈਂਬਰੀ ਪੈਨਲ ਬਣਾਇਆ ਗਿਆ ਹੈ ਜੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਮੁਫ਼ਤ ਕਾਨੂੰਨੀ ਸਹਾਇਤਾ ਕਰੇਗਾ
ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਦੁਨੀਆ ਭਰ ਵਿਚ ਸੋਗ ਦੀ ਲਹਿਰ ਹੈ। ਇਸ ਦੌਰਾਨ ਮਾਨਸਾ ਬਾਰ ਐਸੋਸੀਏਸ਼ਨ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਹੈ ਕਿ ਕੋਈ ਵੀ ਵਕੀਲ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਕੇਸ ਨਹੀਂ ਲੜੇਗਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਕ 7 ਮੈਂਬਰੀ ਪੈਨਲ ਬਣਾਇਆ ਗਿਆ ਹੈ ਜੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਮੁਫ਼ਤ ਕਾਨੂੰਨੀ ਸਹਾਇਤਾ ਕਰੇਗਾ। ਇਹ ਪੈਨਲ ਪਰਿਵਾਰ ਦੀ ਸਹਾਇਤਾ ਲਈ ਹਮੇਸ਼ਾ ਹਾਜ਼ਰ ਰਹੇਗਾ।
Sidhu Moosewala Case: No Mansa lawyer to defend killers
ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਮੁਲਜ਼ਮਾਂ ਵੱਲੋਂ ਕੋਈ ਵੀ ਵਕੀਲ ਅਦਾਲਤ ਵਿਚ ਪੇਸ਼ ਨਹੀਂ ਹੋਵੇਗਾ। ਸਗੋਂ 7 ਵਕੀਲਾਂ ਦਾ ਪੈਨਲ ਸਿੱਧੂ ਕਤਲ ਕੇਸ ਦੀ ਵਕਾਲਤ ਕਰੇਗਾ। ਉਹਨਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਦਾ ਕੇਸ ਮੁਫ਼ਤ ਲੜਾਂਗੇ।
ਇਸ ਦੇ ਨਾਲ ਹੀ ਮਾਨਸਾ ਬਾਰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਬੇਨਤੀ ਪੱਤਰ ਭੇਜਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਸਾਰੇ ਭਲਕੇ ਦਸਤਾਰ ਸਜ਼ਾ ਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ ਮੂਸਾ ਪਿੰਡ ਜ਼ਰੂਰ ਪਹੁੰਚਣ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਜਾਣ ਨਾਲ ਸਿਰਫ ਮਾਨਸਾ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਹਨਾਂ ਕਿਹਾ ਕਿ ਅਸੀਂ ਅਪਣੇ ਹੀਰੇ ਨੂੰ ਸੰਭਾਲ ਨਹੀਂ ਸਕੇ, ਜੇਕਰ ਉਹਨਾਂ ਦੀ ਬਣਦੀ ਸੁਰੱਖਿਆ ਕੀਤੀ ਹੁੰਦੀ ਤਾਂ ਇਹ ਦਿਨ ਨਹੀਂ ਦੇਖਣਾ ਪੈਂਦਾ। ਇਹੋ ਜਿਹੇ ਹੀਰੇ ਰੋਜ਼-ਰੋਜ਼ ਨਹੀਂ ਜੰਮਦੇ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਕਤਲ ਕੀਤਾ ਹੈ, ਜੇਕਰ ਉਹ ਵੀ ਅਪਣੇ ਦਿਲ ਉੱਤੇ ਹੱਥ ਰੱਖਣਗੇ ਤਾਂ ਉਹਨਾਂ ਨੂੰ ਵੀ ਮਹਿਸੂਸ ਹੋਵੇਗਾ ਕਿ ਉਹਨਾਂ ਨੇ ਕਿੰਨਾ ਵੱਡਾ ਕੁਕਰਮ ਕੀਤਾ ਹੈ। ਉਹਨਾਂ ਨੇ ਸਿਰਫ ਇਕ ਇਨਸਾਨ ਨੂੰ ਹੀ ਨਹੀਂ ਸਗੋਂ ਪੰਜਾਬੀਅਤ ਨੂੰ ਡੂੰਘੀ ਸੱਟ ਮਾਰੀ ਹੈ। ਇਸ ਘਾਟੇ ਨੂੰ ਸ਼ਬਦਾਂ ਵਿਚ ਨਹੀਂ ਬਿਆਨਿਆ ਜਾ ਸਕਦਾ।