
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਲਈ ਸਮਾਜਕ ਲਹਿਰ ਉਸਾਰਨ ਦਾ ਸੱਦਾ ਦਿੰਦਿਆਂ.............
ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਲਈ ਸਮਾਜਕ ਲਹਿਰ ਉਸਾਰਨ ਦਾ ਸੱਦਾ ਦਿੰਦਿਆਂ ਆਖਿਆ ਪੁਲਿਸ ਤਾਂ ਸਿਰਫ਼ ਦਬਾਅ ਬਣਾ ਸਕਦੀ ਹੈ ਪਰ ਅਸਲ ਵਿਚ ਤਾਂ ਲੋਕ ਹੀ ਹਨ ਜੋ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਸਹਾਇਤਾ ਕਰ ਸਕਦੇ ਹਨ। ਅੱਜ ਕਰਿੱਡ ਵਿਖੇ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਕਿਸਮ ਦੀ ਹਿੰਸਾ ਦੇ ਹੱਕ ਵਿਚ ਨਹੀਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਜੜ੍ਹੋ ਪੁੱਟਣ ਦਾ ਇਕੋ-ਇਕ ਹੱਲ ਲੋਕ ਲਹਿਰ ਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਿੰਡ ਵਾਸੀ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਦੇ ਹਨ ਅਤੇ ਲੋਕਾਂ ਦੀ ਅਜਿਹੀ ਮਦਦ ਲਾਜ਼ਮੀ ਤੌਰ 'ਤੇ ਨਸ਼ਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਨੇ ਅਤਿਵਾਦ ਦੇ ਦਿਨਾਂ ਦੌਰਾਨ ਲੋਕਾਂ ਵਲੋਂ ਲਹਿਰ ਖੜ੍ਹੀ ਕੀਤੇ ਜਾਣ ਨੂੰ ਵੀ ਚੇਤੇ ਕੀਤਾ ਜਦੋਂ ਬੇਇੰਤਹਾ ਹਿੰਸਾ ਤੋਂ ਤੰਗ ਆ ਕੇ ਲੋਕਾਂ ਨੇ ਅਤਿਵਾਦੀਆਂ ਬਾਰੇ ਪੁਲਿਸ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਮੱਸਿਆ ਦਾ ਹੱਲ ਸਾਂਝੇ ਤੌਰ 'ਤੇ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਹੁਣ ਅਸਰ ਵੀ ਦਿਸਣ ਲੱਗਾ ਹੈ ਅਤੇ ਗਿਣਤੀ ਹੁਣ ਘਟਣ ਲੱਗੀ ਹੈ ਅਤੇ ਹੋਰ ਲੋਕ ਨਸ਼ਿਆਂ ਦੀ ਮਾਰੂ ਸੰਤਾਪ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਇਕ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵਾਅਦੇ ਮੁਤਾਬਕ ਸੂਬਾ ਸਰਕਾਰ ਨੇ ਚਾਰ ਹਫ਼ਤਿਆਂ ਵਿੱਚ ਨਸ਼ਿਆਂ ਦੇ ਧੰਦੇ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪਿਛਲੀ ਸਰਕਾਰ ਵਿੱਚ ਸ਼ਾਮਲ ਲੋਕਾਂ ਖਿਲਾਫ਼ ਵੀ ਜਾਂਚ ਏਜੰਸੀਆਂ ਵੱਲੋਂ ਸਬੂਤ ਪੇਸ਼ ਕਰ ਦਿੱਤੇ ਗਏ ਤਾਂ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕਈ ਲੀਡਰਾਂ ਦੇ ਕਾਰਨਾਮਿਆਂ ਬਾਰੇ ਬਹੁਤ ਸੁਣਿਆ ਹੈ ਪਰ ਉਹ ਸਿਆਸੀ ਬਦਲਾਖੋਰੀ ਵਿੱਚ ਨਹੀਂ ਪੈਣਾ ਚਾਹੁੰਦੇ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਬੂਤ ਪਾਏ ਗਏ ਤਾਂ ਉਨ੍ਹਾਂ ਨੂੰ ਅੰਦਰ ਕਰ ਕੇ ਹਟਾਂਗਾ। ਪੁਲਿਸ ਵਿਚ ਕਾਲੀਆਂ ਭੇਡਾਂ ਦੇ ਸਵਾਲ 'ਤੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਪੁਲਿਸ ਵਾਲਿਆਂ ਵਿਰੁਧ ਸਖ਼ਤ ਕਦਮ ਚੁੱਕਿਆ ਹੈ। ਨਸ਼ਿਆਂ ਦਾ ਸੇਵਨ ਅਤੇ ਕਾਰੋਬਾਰ ਕਰਨ ਵਿਚ ਪੁਲਿਸ ਵਾਲਿਆਂ ਦੀ ਸ਼ਮੂਲੀਅਤ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਆਸਾਨੀ ਨਾਲ ਮਿਲਦਾ ਪੈਸਾ ਪੁਲਿ ਮੁਲਾਜ਼ਮਾਂ ਨੂੰ ਭ੍ਰਿਸ਼ਟ ਕਰ ਦਿੰਦਾ।
ਸਾਲ 2017 ਦੀਆਂ ਵਿਧਾਨ ਸਭਾ ਚੋਣ ਦੀ ਮੁਹਿੰਮ ਦੌਰਾਨ ਨਸ਼ਿਆਂ ਦੇ ਧੰਦੇ ਦਾ ਲੱਕ ਤੋੜ ਦੇਣ ਦੇ ਕੀਤੇ ਵਾਅਦੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਉਨ੍ਹਾਂ ਦੀ ਸਰਕਾਰ ਨੇ ਇਸ ਪਾਸੇ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਨਸ਼ਿਆਂ ਖਾਸ ਕਰਕੇ ਹੈਰੋਇਨ ਦੀ ਵੱਡੀ ਘਾਟ ਨਾਲ ਕੀਮਤਾਂ ਵਧ ਗਈਆਂ ਹਨ। ਨਸ਼ੇ ਦੇ ਆਦੀਆਂ ਵੱਲੋਂ ਨਸ਼ੇ ਦੇ ਬਦਲੇ ਬਣਾਵਟੀ ਦਵਾਈਆਂ ਦੀ ਕਥਿਤ ਵਰਤੋਂ ਕੀਤੇ ਜਾਣ 'ਤੇ ਮੁੱਖ ਮੰਤਰੀ ਨੇ ਇਸ ਨੂੰ ਬਹੁਤ ਖਤਰਨਾਕ ਰੁਝਾਨ ਦੱਸਿਆ ਜੋ ਹਾਲ ਹੀ ਵਿੱਚ ਹੋਈਆਂ ਮੌਤਾਂ ਦਾ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਇਸ ਰੁਝਾਨ ਵਿਰੁਧ ਉਨ੍ਹਾਂ ਦੀ ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ।