
ਪਰ ਇਨਸਾਫ਼ ਹਾਲੇ ਵੀ ‘ਸਿਆਸੀ ਇੱਛਾ ਸ਼ਕਤੀ ’ਤੇ ਨਿਰਭਰ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): 2015 ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਬੁਰਜ ਜਵਾਹਰ ਸਿੰਘ ਵਾਲਾ ਬੇਅਦਬੀ ਮਾਮਲੇ ਵਿਚ ਸੌਦਾ ਸਾਧ ਮੁਖੀ ਦੀ ਛੇਤੀ ਨਾਮਜ਼ਦਗੀ ਦਾ ਸਪੱਸ਼ਟ ਸੰਕੇਤ ਸੱਭ ਤੋਂ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਨੇ ਹੀ ਦੇ ਦਿਤਾ ਸੀ। ਇਸ ਸਬੰਧ ਵਿਚ ਗਠਤ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਅਤੇ ਜਲੰਧਰ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਵਲੋਂ ਸੋਮਵਾਰ ਬਾਅਦ ਦੁਪਹਿਰ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਤੋਂ ਕਈ ਘੰਟੇ ਪਹਿਲਾਂ ਹੀ ‘ਰੋਜ਼ਾਨਾ ਸਪੋਕਸਮੈਨ’ ਇਨ੍ਹਾਂ ਕਾਲਮਾਂ ਵਿਚ ਹੀ ਸਿਰਲੇਖ- ‘ਬਾਦਲ ਦਲ ਤੇ ਸੌਦਾ ਡੇਰੇ ਦੀ ‘ਸਿਖਰਲੀ ਲੀਡਰਸ਼ਿਪ’ ਦੀਆਂ ਬਰੂਹਾਂ ਤੇ ਪੁੱਜੀ ਸਿਟ?’
Sauda Sadh
ਹੇਠ ਬਕਾਇਦਾ ਖ਼ਬਰ ਪ੍ਰਕਾਸ਼ਤ ਕੀਤੀ ਜਾ ਚੁੱਕੀ ਹੈ। ਪਰ ਇਸ ਖ਼ਬਰ ਦਾ ਉਪ ਸਿਰਲੇਖ-‘ਪਰ ਅਗਲੇਰੀ ਕਾਰਵਾਈ ਮੌਜੂਦਾ ਸੂਬਾ ਸਰਕਾਰ ਦੀ ‘ਇੱਛਾ ਸ਼ਕਤੀ’ ਉਤੇ ਵੱਧ ਨਿਰਭਰ’ ਅੱਜ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਵੀ ਵੱਡਾ ਸਵਾਲ ਬਣ ਕੇ ਜਿਉਂ ਦਾ ਤਿਉਂ ਖੜਾ ਹੈ ਕਿਉਂਕਿ ਸੌਦਾ ਸਾਧ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਗਠਜੋੜ ਵਾਲੀ ਪਿਛਲੀ ਤੋਂ ਪਿਛਲੀ ਸਰਕਾਰ ਵਲੋਂ ਵੀ ਇਸੇ ਤਰ੍ਹਾਂ ਇਕ ਬੜੇ ਸੰਗੀਨ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।
SAD-BJP
ਸੌਦਾ ਡੇਰੇ ਦੇ ਪੰਜਾਬ ਵਿਚਲੇ ਬਹੁ ਚਰਚਿਤ ਡੇਰਾ ਸਲਾਬਤਪੁਰਾ ਵਿਚ ਸੌਦਾ ਸਾਧ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਦੀ ਪਾਹੁਲ ਛਕਾਉਣ ਵਾਲਾ ਸਵਾਂਗ ਰੱਚ ਕੇ ਇਸ ਤੋਂ ਵੀ ਬਜਰ ਅਪਰਾਧ ਕੀਤਾ ਸੀ। ਸਿੱਖਾਂ ਦੀ ਪੰਥਕ ਨੁਮਾਇੰਦਗੀ ਦਾ ਦਮ ਭਰਨ ਵਾਲੀ ਅਕਾਲੀ ਸਰਕਾਰ ਵਲੋਂ ਸੌਦਾ ਸਾਧ ਵਿਰੁਧ ਕੇਸ ਤਾਂ ਦਰਜ ਕਰ ਲਿਆ ਗਿਆ ਪਰ ਕੁੱਝ ਸਾਲਾਂ ਬਾਅਦ ਇਹ ਕੇਸ ਹੇਠਲੀ ਅਦਾਲਤ ਵਿਚ ਹੀ ਦਮ ਤੋੜ ਗਿਆ।
Parkash Badal With Sukhbir Badal
ਪਰ ਉਨ੍ਹਾਂ ਸਾਲਾਂ ਦੌਰਾਨ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਅਤੇ ਫਿਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਾਲਵਾ ਖਿੱਤੇ ਵਿਚ ਅਕਾਲੀ-ਭਾਜਪਾ ਗਠਜੋੜ ਨੇ ਭਰਪੂਰ ਵੋਟ ਬਟੋਰੀਆਂ।
ਅਜਿਹੇ ਵਿਚ ਇਸ ਹਾਲੀਆ ਘਟਨਾਕ੍ਰਮ ਤਹਿਤ ਸੌਦਾ ਸਾਧ ਨੂੰ ਬੇਅਦਬੀ ਮਾਮਲੇ ਚ ਨਾਮਜ਼ਦ ਕੀਤਾ ਜਾਣਾ ਹੀ ਕਾਫੀ ਨਹੀ ਜਾਪ ਰਿਹਾ। ਕਿਉਂਕਿ ਇਸ ਡੀਆਈਜੀ ਖੱਟੜਾ ਵਾਲੀ ਅਗਵਾਈ ਵਾਲੀ ਇਸ ਸਿੱਟ ਨੇ ਕੁੱਝ ਸਾਲ ਪਹਿਲਾਂ ਵੀ ਇਨ੍ਹਾਂ ਡੇਰਾ ਪ੍ਰੇਮੀਆਂ ਅਤੇ ਡੇਰੇ ਦੀ ਸਿਖਰ ਲੀ ਲੀਡਰਸ਼ਿਪ ਉੱਤੇ ਨਾ ਸਿਰਫ ਉਂਗਲ ਚੁੱਕੀ ਸੀ ਬਲਕਿ ਗ੍ਰਿਫਤਾਰੀਆਂ ਵੀ ਕਰ ਲਈਆਂ ਸਨ।
Punjab Govt
ਪਰ ਹੁਣ ਕੁਝ ਸਾਲ ਇਹ ਕੇਸ ਠੰਢੇ ਬਸਤੇ ਵਿੱਚ ਪਿਆ ਰਿਹਾ ਹੋਣ ਤੋਂ ਬਾਅਦ ਪੰਜਾਬ ਵਿੱਚ ਮੁੜ ਚੋਣ ਵਰ੍ਹਾ ਸ਼ੁਰੂ ਹੋਣ ਜਾ ਰਿਹਾ ਹੋਣ ਦੇ ਮੌਕੇ ਮੁੜ ਸਰਗਰਮੀ ਨਾਲ ਖੋਲਿ੍ਹਆ ਜਾ ਰਿਹਾ ਹੋਣਾ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇ ਰਿਹਾ ਹੈ। ਕਿਉਂਕਿ ਡੇਢ ਕੁ ਸਾਲ ਬਾਅਦ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੱਕ ਇਸ ਕੇਸ ਵਿੱਚ ਮੁਕੰਮਲ ਇਨਸਾਫ ਮਿਲਣਾ ਹਾਲੇ ਦੂਰ ਦੀ ਕੌਡੀ ਮੰਨਿਆ ਜਾ ਰਿਹਾ ਹੈ।
Sauda Sadh
ਇਸ ਦੌਰਾਨ ਇਸ ਘਟਨਾਕ੍ਰਮ ਤੋਂ ਬਾਅਦ ਬਰਗਾੜੀ ਬੇਅਦਬੀ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ਼ ਲਈ ਸੰਘਰਸ਼ ਨੂੰ ਇੱਕ ਤਰ੍ਹਾਂ ਨਾਲ ਵਿਰਾਮ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ।ਇਸ ਮਾਮਲੇ ਦਾ ਦੂਜਾ ਪਹਿਲੂ ਇਹ ਹੈ ਕਿ ਸਿੱਟ ਦੇ ਕੋਲ ਡੇਰਾ ਪ੍ਰੇਮੀਆਂ ਜਾਂ ਹੋਰ ਕਥਿਤ ਮੁਲਜ਼ਮਾਂ ਦੇ ਕਬੂਲਨਾਮੇ ਨਾਕਾਫ਼ੀ ਹਨ। ਕਿਉਂਕਿ ਮਾਮਲਿਆਂ ਨੂੰ ਨੇੜੇ ਤੱਕ ਲੈ ਜਾਣਾ ਅਤੇ ਇਨਸਾਫ ਦੀ ਪ੍ਰਾਪਤੀ ਲਈ ਵਿਸ਼ੇਸ਼ ਜਾਂਚ ਟੀਮਾਂ ਨੂੰ ਅਦਾਲਤਾਂ ਵਿੱਚ ਇਨ੍ਹਾਂ ਨੂੰ ਸਾਬਤ ਕਰਨਾ ਵੱਡੀ ਚੁਣੌਤੀ ਸਾਬਤ ਹੋਵੇਗਾ।