
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨੋਟਿਸ ਤੋਂ ਬਾਅਦ ਸਕੂਲ ਦਾ ਨਾਮ ਹਟਾਉਣ ਦੇ ਹੁਕਮ
ਪਟਿਆਲਾ, 6 ਜੁਲਾਈ (ਅਵਤਾਰ ਸਿੰਘ ਗਿੱਲ) : ਜ਼ਿਕਰਯੋਗ ਹੇ ਕੇ ਕੁੱਝ ਦਿਨ ਪਹਿਲਾਂ ਸਿੱਖ ਜਥੇਬੰਦੀਆ ਦੇ ਵਿਰੋਧ ਤੋਂ ਬਾਅਦ ਇਹ ਗੱਲ ਖੁਲ੍ਹ ਕੇ ਸਾਹਮਣੇ ਆਈ ਸੀ ਕਿ ਪਿੰਡ ਚੰਦੂਮਾਜਰਾ ਵਿਖੇ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਆਰ.ਐਸ.ਐਸ ਵਲੋਂ ਇਕ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿਚ ਅਕਾਲ ਯੂਥ ਵਲੋਂ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵਿਰੁਧ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਬੀਬੀ ਜਗੀਰ ਕੌਰ ਨੂੰ ਸਕੂਲ ਬੰਦ ਕਰਨ ਸਬੰਧੀ ਚੇਤਾਵਨੀ ਪੱਤਰ ਭੇਜਿਆ ਗਿਆ ਸੀ।
ਇਨ੍ਹਾਂ ਗੱਲਾਂ ਦਾ ਪਰਗਟਾਵਾ ਕਰਦਿਆਂ ਅਕਾਲ ਯੂਥ ਦੇ ਭਾਈ ਜਸਵਿੰਦਰ ਸਿੰਘ ਰਾਜਪੂਰਾ, ਸਤਵੰਤ ਸਿੰਘ ,ਮਹਾਂ ਸਿੰਘ ਬਲਬੀਰ ਸਿੰਘ ਅਤੇ ਭਾਈ ਰਾਜਨਦੀਪ ਸਿੰਘ ਨੇ ਕਿਹਾ ਕੇ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਘਰ ਦੀਆਂ ਜ਼ਮੀਨਾਂ ਤੇ ਆਰ ਐਸ ਐਸ ਵਲੋਂ ਸਕੂਲ ਖੋਲ੍ਹਣ ਦੀ ਦਿਤੀ ਜਾ ਰਹੀ ਖੁਲ੍ਹਾਂ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਸ਼੍ਰੋਮਣੀ ਕਮੇਟੀ ਵਲੋਂ ਬੇਸ਼ਕ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਪਾਬੰਦੀ ਲਗਾ ਦਿਤੀ ਗਈ ਹੈ ਪਰ ਫਿਰ ਵੀ ਜਿਥੇ ਕਿਥੇ ਵੀ ਆਰ ਐਸ ਐਸ ਵਲੋਂ ਸਾਡੀਆਂ ਸੰਸਥਾਵਾਂ ਵਿਚ ਘੁਸਪੈਠ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ ਤਾਂ ਸਿਖ ਸੰਗਤ ਇਸ ਦਾ ਮੂੰਹ ਤੋੜ ਜਵਾਬ ਦੇਵੇਗੀ। ਅਕਾਲ ਯੂਥ ਨੇ ਕਿਹਾ ਹੈ ਕਿ ਇਸ ਥਾਂ ਦਾ ਪ੍ਰਬੰਧ ਸਾਨੂੰ ਦਿਵਾਇਆ ਜਾਵੇ ਅਸੀਂ ਇਸ ਥਾਂ ’ਤੇ ਪੰਜਾਬ ਦਾ ਸੱਭ ਤੋਂ ਵਧੀਆ ਸਕੂਲ ਚਲਾ ਕੇ ਵਿਖਾਵਾਂਗੇ।
ਜਦੋਂ ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੋਂ ਕੁੱਝ ਸਮੇਂ ਪਹਿਲਾਂ ਨਰਸਿੰਗ ਕਾਲਜ ਖੋਲ੍ਹਣ ਦੀ ਇਜਾਜ਼ਤ ਲਈ ਸੀ ਤੇ ਹੁਣ ਜਦੋਂ ਪਤਾ ਨਹੀਂ ਸੀ ਕੀ ਇਹ ਨਾਮ ਰੱਖ ਦੇਣਗੇ। ਜਦੋਂ ਸੰਗਤਾਂ ਨੇ ਧਿਆਨ ਵਿਚ ਸਾਡੇ ਲਿਆਂਦਾ ਤਾਂ ਮੈਂ ਗੱਲ ਕਰ ਕੇ ਉਸ ਥਾਂ ’ਤੇ ਲਿਖਿਆ ਹਟਵਾ ਦਿਤਾ ਤੇ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।