
ਘਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਭੰਨਤੋੜ ਕਰਨ ਦੇ ਇਲਜ਼ਾਮ
ਅਬੋਹਰ : ਅਬੋਹਰ 'ਚ ਆਮ ਆਦਮੀ ਪਾਰਟੀ ਦੇ ਨੇਤਾ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਆਗੂ ’ਤੇ ਸਾਥੀਆਂ ਨਾਲ ਮਿਲ ਕੇ ਮਕਾਨ ’ਤੇ ਕਬਜ਼ਾ ਕਰਨ ਦਾ ਦੋਸ਼ ਹੈ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨੰਬਰ 2 ਦੀ ਪੁਲਿਸ ਨੇ 'ਆਪ' ਨੇਤਾ ਵਿਜੈ ਉਪਵੇਜਾ ਸਮੇਤ 12 ਲੋਕਾਂ ਵਿਰੁਧ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ਤਿੰਨ ਬੱਚਿਆਂ ਸਮੇਤ ਮਾਂ ਨੇ ਪਾਣੀ ਵਾਲੇ ਟੈਂਕ ਵਿਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਰਮੇਸ਼ ਕੁਮਾਰ ਵਾਸੀ ਅਜ਼ੀਮਗੜ੍ਹ ਨੇ ਦਸਿਆ ਕਿ ਜਦੋਂ ਉਹ ਪਿਛਲੇ ਦਿਨੀਂ ਬਾਜ਼ਾਰ ਆਇਆ ਸੀ ਤਾਂ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਇਸ ਦੌਰਾਨ ਦਰਜਨ ਦੇ ਕਰੀਬ ਵਿਅਕਤੀ ਉਸ ਦੇ ਘਰ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦਾਖ਼ਲ ਹੋਏ ਅਤੇ ਘਰ 'ਚ ਰੱਖੇ ਸਮਾਨ ਦੀ ਭੰਨਤੋੜ ਕੀਤੀ। ਇਸ ਬਾਰੇ ਪਤਾ ਲੱਗਣ ’ਤੇ ਜਦੋਂ ਉਹ ਘਰ ਪਹੁੰਚਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਕਤ ਵਿਅਕਤੀ ਉਥੋਂ ਭੱਜ ਗਏ।
ਇਸ ਤੋਂ ਬਾਅਦ ਉਸ ਨੇ ਡੀ.ਐਸ.ਪੀ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਨ੍ਹਾਂ ਦੇ ਆਦੇਸ਼ਾਂ 'ਤੇ ਪੁਲਿਸ ਨੇ ਜਾਂਚ ਤੋਂ ਬਾਅਦ ਦਿੱਲੀ ਵਾਸੀ ਸੰਜੈ ਕੁਮਾਰ ਅਤੇ ਅਜੇ ਕੁਮਾਰ, ਯਸ਼ ਕੁਮਾਰ, ਅਜ਼ੀਮਗੜ੍ਹ ਦੇ ਰਹਿਣ ਵਾਲੇ ਰਾਮੇਸ਼ਵਰ, ਕ੍ਰਿਸ਼ਨ ਕੁਮਾਰ, ਕੌਸ਼ਲ, ਪਟੇਲ ਪਾਰਕ ਨਿਵਾਸੀ ਵਿਜੇ , ਰਣਜੀਤ ਸਿੰਘ ਸੰਧੂ ਵਾਸੀ ਪੰਜਾਵਾਂ, ਅਸ਼ੋਕ ਕੁਮਾਰ ਵਾਸੀ ਆਨੰਦ ਨਗਰੀ ਗਲੀ ਨੰਬਰ 6 ਅਤੇ ਮਨੀਸ਼ ਖੁਰਾਣਾ ਵਾਸੀ ਤਾਰਾ ਅਸਟੇਟ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਧਾਰਾ 380, 427, 448, 451, 506, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।