
ਬੱਚਿਆਂ ਲਈ ਅਗਲੇ ਸਾਲ ਆਵੇਗੀ ਕੋਰੋਨਾ ਵੈਕਸੀਨ : ਸੀਰਮ ਸੀਈਓ
ਨਵੀਂ ਦਿੱਲੀ, 6 ਅਗੱਸਤ : ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ ਅਦਾਰ ਪੂਨਾਵਾਲਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ’ਚ ਉਨ੍ਹਾਂ ਦੀ ਕੰਪਨੀ ਵਲੋਂ ਬਣਾਏ ਜਾਣ ਵਾਲੇ ਕੋਵਿਡ 19 ਦਾ ਇਕ ਹੋਰ ਟੀਕਾ ਕੋਵੋਵੈਕਸ ਬਾਲਗ਼ਾਂ ਲਈ ਅਕਤੂਬਰ ਵਿਚ ਜਾਰੀ ਹੋ ਜਾਵੇਗਾ ਅਤੇ ਬੱਚਿਆਂ ਲਈ ਇਹ 2022 ਵਿਚ ਜਾਰੀ ਹੋਵੇਗਾ। ਉਨ੍ਹਾਂ ਸੀਰਮ ਇੰਸਟੀਚਿਊਟ ਨੂੰ ਮਦਦ ਦੇਣ ਲਈ ਸਰਕਾਰ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਕੰਪਨੀ ਕੋਵੀਸ਼ਿਲਡ ਦਾ ਉਤਪਾਦਨ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਕਿ ਮੰਗ ਪੂਰੀ ਕੀਤੀ ਜਾ ਸਕੇ। ਪੂਨਾਵਾਲਾ ਨੇ ਸੰਸਦ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਦੋਨਾਂ ਵਿਚਾਲੇ ਬੈਠਕ 30 ਮਿੰਟ ਤਕ ਚੱਲੀ।
ਪੂਨਾਵਾਲਾ ਨੇ ਬੈਠਕ ਦੇ ਬਾਅਦ ਕਿਹਾ, ‘‘ਸਰਕਾਰ ਸਾਡਾ ਸਹਿਯੋਗ ਕਰ ਰਹੀ ਹੈ ਅਤੇ ਸਾਡੇ ਸਾਹਮਣੇ ਕੋਈ ਵਿੱਤੀ ਸੰਕਟ ਨਹੀਂ ਹੈ। ਸਾਰੇ ਸਹਿਯੋਗ ਅਤੇ ਸਮਰਥਨ ਲਈ ਅਸੀਂ ਪ੍ਰਧਾਨ ਮੰਤਰੀ ਦਾ ਧਨਵਤਾ ਕਰਦੇ ਹਾਂ।’’
ਬੱਚਿਆਂ ਦੇ ਟੀਕੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਬੱਚਿਆਂ ਲਈ ਕੋਵੋਵੈਕਸ ਅਗਲੇ ਸਾਲ ਸ਼ੁਰੂ ਹੋਵੇਗਾ ਅਤੇ ਜ਼ਿਆਦਾ ਸੰਭਾਵਨਾ ਹੈ ਕਿ ਜਨਵਰੀ ਫ਼ਰਵਰੀ ਤਕ ਸ਼ੁਰੂ ਹੋ ਜਾਵੇ।’’ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬਾਲਗ਼ਾਂ ਲਈ ਕੋਵੋਵੈਕਸ ਅਕਤੂਬਰ ’ਚ ਸ਼ੁਰੂ ਹੋ ਜਾਵੇਗਾ ਅਤੇ ਇਹ ਡੀਸੀਜੀਆਈ ਦੀ ਮਨਜ਼ੂਰੀ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਦਸਿਆ ਕਿ ਇਹ ਦੋ ਖ਼ਰਾਕ ਵਾਲਾ ਟੀਕਾ ਹੋਵੇਗਾ ਅਤੇ ਸ਼ੁਰੂ ਕਰਨ ਦੇ ਸਮੇਂ ਇਸਦੀ ਕੀਮਤ ਤੈਅ ਕੀਤੀ ਜਾਵੇਗੀ। (ਏਜੰਸੀ)