
ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਭਲਕੇ ਭਾਰੀ ਗਿਣਤੀ ’ਚ ਜੁੜਨਗੇ ਪੰਥਦਰਦੀ : ਮਾਨ
ਕਿਹਾ, ਸਮੁੱਚਾ ਖ਼ਾਲਸਾ ਪੰਥ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ
ਕੋਟਕਪੂਰਾ, 6 ਅਗੱਸਤ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਮਾਮਲਿਆਂ ਦਾ ਇਨਸਾਫ਼ ਲੈਣ ਲਈ ਅਕਾਲੀ ਦਲ ਅੰਮ੍ਰਿਤਸਰ ਵਲੋਂ ਆਰੰਭੇ ਇਨਸਾਫ਼ ਮੋਰਚਾ ਦੇ 37ਵੇਂ ਦਿਨ 34ਵੇਂ ਜਥੇ ਨੇ ਗਿ੍ਰਫ਼ਤਾਰੀ ਦੇਣ ਮੌਕੇ ਇਨਸਾਫ਼ ਦੀ ਮੰਗ ਕਰਦਿਆਂ ਨਾਹਰੇਬਾਜ਼ੀ ਵੀ ਕੀਤੀ। ਉਸ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਹੋਏ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕਰੀਬ 6 ਸਾਲ ਪਹਿਲਾਂ ਅਰਥਾਤ 2015 ਵਿਚ ਪੰਜਾਬ ਦੇ ਵੱਖ ਵੱਖ ਇਲਾਕਿਆਂ ’ਚ ਸਾਜ਼ਸ਼ੀ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚਾ ਖ਼ਾਲਸਾ ਪੰਥ ਭਾਵੇਂ ਤਰਲੋਮੱਛੀ ਹੋ ਰਿਹਾ ਹੈ ਪਰ ਹਾਕਮਾਂ ਦੀ ਸਿੱਖ ਕੌਮ ਵਿਰੋਧੀ ਸੋਚ ਅਤੇ ਅਫ਼ਸਰਸ਼ਾਹੀ ਦੇ ਪੱਖਪਾਤੀ ਵਿਵਹਾਰ ਦੀ ਬਦੌਲਤ ਸਾਨੂੰ ਅੱਜ ਤਕ ਇਸ ਗੰਭੀਰ ਵਿਸ਼ੇ ’ਤੇ ਇਨਸਾਫ਼ ਪ੍ਰਾਪਤ ਨਹੀਂ ਹੋਇਆ।
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਆਖਿਆ ਕਿ ਇਨਸਾਫ਼ ਲੈਣ ਲਈ ਪਾਰਟੀ ਨੇ 1 ਜੁਲਾਈ ਤੋਂ ਫਿਰ ਫ਼ੈਸਲਾ ਕੀਤਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤਕ ਬਰਗਾੜੀ ਵਿਖੇ ਮੋਰਚਾ ਲਾਇਆ ਜਾਵੇ, ਜੋ ਨਿਰੰਤਰ ਕਾਮਯਾਬੀ ਨਾਲ ਚਲਦਾ ਆ ਰਿਹਾ ਹੈ। ਉਨ੍ਹਾਂ ਦਸਿਆ ਕਿ ਅਗਲੇ ਕੌਮੀ ਐਕਸ਼ਨ ਦੇ ਪ੍ਰੋਗਰਾਮ ਦੀ ਤਿਆਰੀ ਲਈ ਸਮੁੱਚਾ ਖ਼ਾਲਸਾ ਪੰਥ 8 ਅਗੱਸਤ ਦਿਨ ਐਤਵਾਰ ਨੂੰ ਬਰਗਾੜੀ ਵਿਖੇ ਜੁੜੇਗਾ ਜਿਸ ਵਿਚ ਸਮੁੱਚੀਆਂ ਪੰਥਕ ਜਥੇਬੰਦੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨਾਂ, ਟਕਸਾਲਾਂ, ਵਿਦਿਆਰਥੀਆਂ, ਰਾਗੀਆਂ, ਢਾਡੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਪ੍ਰਚਾਰਕਾਂ, ਮੁਲਾਜ਼ਮਾਂ ਆਦਿ ਹਰ ਵਰਗ ਨੂੰ ਪਹੁੰਚਣ ਲਈ ਖੁਲ੍ਹੀ ਅਪੀਲ ਕੀਤੀ ਗਈ ਹੈ। ਗਿ੍ਰਫ਼ਤਾਰੀ ਦੇਣ ਵਾਲੇ ਜਥੇ ਵਿਚ ਸ਼ਾਮਲ ਯੂਥ ਵਿੰਗ ਜ਼ਿਲ੍ਹਾ ਮੋਗਾ ਦੇ ਪੰਜ ਸਿੰਘਾਂ ਬਲਰਾਜ ਸਿੰਘ ਬਾਦਲ, ਕਿਰਨਦੀਪ ਸਿੰਘ ਢੁੱਡੀਕੇ, ਗੋਪਾਲ ਸਿੰਘ, ਅਰਸ਼ਦੀਪ ਸਿੰਘ ਢੁੱਡੀਕੇ, ਸੁਖਮਨਵੀਰ ਸਿੰਘ ਦਾ ਪਹਿਲਾਂ ਸਨਮਾਨ ਹੋਇਆ ਤੇ ਫਿਰ ਉਨ੍ਹਾਂ ਮੋਰਚੇ ਵਾਲੇ ਸਥਾਨ ਨੇੜੇ ਜਾ ਕੇ ਗਿ੍ਰਫ਼ਤਾਰੀ ਦਿਤੀ।