
ਪੰਜਾਬ 'ਚ ਉਦਯੋਗ ਤੇ ਕਾਰੋਬਾਰ ਲਈ ਉਸਾਰੂ ਤੇ ਸਾਜ਼ਗਾਰ ਮਾਹੌਲ ਕਾਰਨ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ : ਮੁੱਖ ਸਕੱਤਰ
ਚੰਡੀਗੜ੍ਹ, 6 ਅਗੱਸਤ (ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ, ਉਦਯੋਗ ਤੇ ਕਾਰੋਬਾਰ ਲਈ ਉਸਾਰੂ ਤੇ ਸਾਜ਼ਗਾਰ ਮਾਹੌਲ ਕਾਰਨ ਪਿਛਲੇ ਚਾਰ ਸਾਲਾਂ ਦੌਰਾਨ ਪ੍ਰਾਪਤ ਹੋਏ 2900 ਤੋਂ ਵੱਧ ਪ੍ਰਾਜੈਕਟਾਂ ਦੇ ਪ੍ਰਸਤਾਵਾਂ ਤੋਂ ਸੂਬੇ ਨੂੰ 91,000 ਕਰੋੜ ਰੁਪਏ ਦਾ ਵੱਡਾ ਨਿਵੇਸ਼ ਹਾਸਲ ਹੋਇਆ ਹੈ | ਇਨ੍ਹਾਂ ਵਿਚੋਂ ਤਕਰੀਬਨ 50 ਫ਼ੀ ਸਦੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਪਹਿਲਾਂ ਹੀ ਵਪਾਰਕ ਉਤਪਾਦਨ ਸ਼ੁਰੂ ਕਰ ਦਿਤਾ ਹੈ |
ਇਹ ਜਾਣਕਾਰੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਜੇ.ਕੇ. ਪੇਪਰ ਲਿਮਟਿਡ ਕੰਪਨੀ ਦੇ ਉਪ-ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰਸ਼ ਪਤੀ ਸਿੰਘਾਨੀਆ ਦੀ ਅਗਵਾਈ ਵਿਚ ਕੰਪਨੀ ਦੇ ਵਫ਼ਦ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ |
ਵਫ਼ਦ ਦਾ ਨਿੱਘਾ ਸਵਾਗਤ ਕਰਦਿਆਂ ਮੁੱਖ ਸਕੱਤਰ ਨੇ ਦਸਿਆ ਕਿ ਲੁਧਿਆਣਾ ਦੀ ਹਾਈ-ਟੈਕ ਵੈਲੀ ਨੇ ਹੀਰੋ ਸਾਈਕਲਜ਼, ਆਦਿਤਿਆ ਬਿਰਲਾ ਗਰੁੱਪ ਵਰਗੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਨਿਵੇਸ਼ ਲਈ ਆਕਰਸ਼ਿਤ ਕੀਤਾ ਹੈ ਅਤੇ ਹੁਣ ਜੇ.ਕੇ. ਪੇਪਰ ਲਿਮਟਿਡ ਕੰਪਨੀ ਵੀ ਹਾਈ-ਟੈਕ ਵੈਲੀ ਦੇ ਨਿਵੇਸ਼ਕਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ | ਹੀਰੋ ਸਾਈਕਲਜ਼ ਲਿਮਟਿਡ ਪਹਿਲਾਂ ਹੀ ਹਾਈ-ਟੈਕ ਵੈਲੀ ਵਿਚ ਅਪਣਾ ਵੱਡਾ ਯੂਨਿਟ ਸਥਾਪਤ ਕਰ ਚੁੱਕੀ ਹੈ, ਜਿਸ ਦੀ ਉਤਪਾਦਨ ਸਮਰਥਾ ਸਾਲਾਨਾ 4 ਮਿਲੀਅਨ ਬਾਈ-ਸਾਈਕਲਜ਼ ਖਾਸ ਕਰ ਕੇ ਈ-ਬਾਈਕਜ਼ ਅਤੇ ਪ੍ਰੀਮੀਅਮ ਬਾਈਕਜ਼ ਤਿਆਰ ਕਰਨ ਦੀ ਹੈ |