
ਫ਼ਾਜ਼ਿਲਕਾ ਅਤੇ ਮਾਨਸਾ ਦੇ ਵਿਦਿਆਰਥੀਆਂ ਰਹੇ ਮੋਹਰੀ
ਸੂਬੇ ਭਰ ਵਿਚੋਂ ਚਾਰ ਹਜ਼ਾਰ ਵਿਦਿਆਰਥੀਆਂ ਨੇ ਦਿਤੀ ਸੀ ਪ੍ਰੀਖਿਆ
ਚੰਡੀਗੜ੍ਹ : ਸਿੱਖਿਆ ਵਿਭਾਗ ਵਲੋਂ ਨੌਵੀਂ ਤੋਂ 12ਵੀਂ ਜਮਾਤ ਤਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਟੇਟ ਟੈਲੇਂਟ ਸਰਚ ਐਗਜ਼ਾਮੀਨੇਸ਼ਨ (ਪੀ.ਐਸ.ਟੀ.ਐਸ.ਈ.) ਵਲੋਂ ਦਿਤੀ ਜਾਣ ਵਾਲੀ ਸਕਾਲਰਸ਼ਿਪ ਲਈ ਫ਼ਾਜ਼ਿਲਕਾ, ਮਾਨਸਾ ਅਤੇ ਫ਼ਰੀਦਕੋਟ ਵਰਗੇ ਛੋਟੇ ਸ਼ਹਿਰਾਂ ਦੇ ਵਿਦਿਆਰਥੀਆਂ ਨੇ ਜਗ੍ਹਾ ਬਣਾਈ ਹੈ। ਖ਼ਾਸ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਵੀ ਫ਼ਾਜ਼ਿਲਕਾ ਅਤੇ ਮਾਨਸਾ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ।
ਇਹ ਵੀ ਪੜ੍ਹੋ: 87 ਕਿਸਮ ਦੇ ਦਰਖ਼ਤਾਂ ਨਾਲ ਬਣਿਆ ਪੰਜਾਬ ਦਾ ਪਹਿਲਾ ਜੰਗਲ
ਇਸ ਦੇ ਉਲਟ, ਇਸ ਪ੍ਰੀਖਿਆ ਵਿਚ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਇਸ ਸਕਾਲਰਸ਼ਿਪ ਲਈ ਸਟੇਟ ਕਾਉਂਸਿਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਵਲੋਂ ਅੱਧਵੀਂ ਜਮਾਤ ਦੇ ਵਿਦਿਆਰਥੀਆਂ ਦੀ ਫਰਵਰੀ ਮਹੀਨੇ ਵਿਚ ਇਹ ਪ੍ਰੀਖਿਆ ਲਈ ਗਈ ਸੀ। ਇਸ ਵਿਚ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਕਰੀਬ ਚਾਰ ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਪ੍ਰੀਖਿਆ ਦਾ ਨਤੀਜਾ ਬੀਤੇ ਸ਼ੁਕਰਵਾਰ ਸ਼ਾਮ ਨੂੰ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ: 1947 ਦੀ ਵੰਡ ਵੇਲੇ ਵਿਛੜੇ ਭੈਣ-ਭਰਾ ਗੁਰਮੇਲ ਸਿੰਘ ਅਤੇ ਸਕੀਨਾ ਬੀਬੀ ਦਾ ਹੋਇਆ ਮਿਲਾਪ
ਇਸ ਪ੍ਰੀਖਿਆ ਵਿਚ ਸਕਾਲਰਸ਼ਿਪ ਲਈ ਕੁੱਲ 500 ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਹੈ। ਜਿਨ੍ਹਾਂ ਵਿਚੋਂ ਸਭ ਤੋਂ ਵੱਧ ਵਿਦਿਆਰਥੀ ਫ਼ਾਜ਼ਿਲਕਾ ਅਤੇ ਮਾਨਸਾ ਜ਼ਿਲ੍ਹੇ ਦੇ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ 142 ਅਤੇ ਮਾਨਸਾ ਦੇ 82 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜਦਕਿ ਫ਼ਰੀਦਕੋਟ ਜ਼ਿਲ੍ਹਾ 55 ਵਿਦਿਆਰਥੀਆਂ ਨਾਲ ਤੀਜੇ ਸਥਾਨ 'ਤੇ ਰਿਹਾ ਹੈ।
ਜਲੰਧਰ, ਕਪੂਰਥਲਾ, ਮੋਗਾ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਮਹਿਜ਼ ਇਕ-ਇਕ ਵਿਦਿਆਰਥੀ ਹੀ ਇਸ ਪ੍ਰੀਖਿਆ ਵਿਚ ਪਾਸ ਹੋਇਆ। ਅੰਮ੍ਰਿਤਸਰ ਜ਼ਿਲ੍ਹੇ ਦੇ ਦੋ, ਫ਼ਤਹਿਗੜ੍ਹ ਸਾਹਿਬ, ਮਾਲੇਰਕੋਟਲਾ ਅਤੇ ਪਠਾਨਕੋਟ ਦੇ ਤਿੰਨ-ਤਿੰਨ ਅਤੇ ਲੁਧਿਆਣਾ ਦੇ ਪੰਜ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰ ਸਕੇ ਹਨ।
ਦਸਣਯੋਗ ਹੈ ਕਿ ਇਹ ਪ੍ਰੀਖਿਆ ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤਕ ਸਾਲਾਨਾ 3600 ਰੁਪਏ ਦਾ ਵਜੀਫਾ ਮਿਲੇਗਾ। ਸਿੱਖਿਆ ਵਿਭਾਗ ਵਲੋਂ ਹਰ ਸਾਲ ਇਹ ਪ੍ਰੀਖਿਆ ਕਰਵਾਈ ਜਾਂਦੀ ਹੈ।