
ਭੈਣ ਨੇ 76 ਸਾਲ ਬਾਅਦ ਅਪਣੇ ਭਰਾ ਦੇ ਗੁੱਟ 'ਤੇ ਬੰਨ੍ਹੀ ਰੱਖੜੀ
ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਦੇ ਸਹਿਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਏ ਇਕੱਠੇ
ਚੰਡੀਗੜ੍ਹ (ਕੋਮਲਜੀਤ ਕੌਰ) : 1947 ਵਿਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਨਾ ਸਿਰਫ਼ ਇਕ ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ ਸਗੋਂ ਕਈ ਪ੍ਰਵਾਰ ਵੀ ਟੁਕੜੇ-ਟੁਕੜੇ ਹੋ ਗਏ ਸਨ। ਇਸੇ ਵੰਡ ਦੌਰਾਨ ਵੱਖ ਹੋਏ ਭੈਣ-ਭਰਾ 76 ਸਾਲਾਂ ਬਾਅਦ ਮੁੜ ਇਕੱਠੇ ਹੋਏ ਹਨ।
ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਦੇ ਸਹਿਯੋਗ ਸਦਕਾ ਪਾਕਿਸਤਾਨ ਦੇ ਰਹਿਣ ਵਾਲੇ ਸਕੀਨਾ ਬੀਬੀ ਅਪਣੇ ਭਾਰਤ ਰਹਿੰਦੇ ਭਰਾ ਗੁਰਮੇਲ ਸਿੰਘ ਨੂੰ 76 ਸਾਲ ਬਾਅਦ ਸ੍ਰੀ ਕਰਤਾਪੁਰ ਸਾਹਿਬ ਵਿਖੇ ਮਿਲੇ। ਜਾਣਕਾਰੀ ਅਨੁਸਾਰ ਸਕੀਨਾ ਬੀਬੀ ਪਾਕਿਸਤਾਨ ਦੇ ਸ਼ੇਖੂਪੁਰਾ ਦੇ ਵਸਨੀਕ ਹਨ। 1947 ਦੀ ਵੰਡ ਸਮੇਂ ਸਕੀਨਾ ਬੀਬੀ ਦੀ ਮਾਂ ਲੁਧਿਆਣਾ ਦੇ ਪਿੰਡ ਨੂਰਪੁਰ ਵਿਚ ਰਹਿੰਦੀ ਸੀ। ਮਾਂ ਦਾ ਨਾਂ ਕਰਮਾਤੇ ਬੀਬੀ ਸੀ। ਸਕੀਨਾ ਬੀਬੀ ਦੀ ਮਾਂ ਨੂੰ ਅਗ਼ਵਾ ਕਰ ਲਿਆ ਗਿਆ ਸੀ ਅਤੇ ਬਾਕੀ ਪ੍ਰਵਾਰ ਪਾਕਿਸਤਾਨ ਆ ਗਿਆ ਸੀ।
ਇਹ ਵੀ ਪੜ੍ਹੋ: ਨਾਬਾਲਗ ਬਣੀ ਮਾਂ ਤਾਂ ਮਾਪਿਆਂ ਨੇ ਝਾੜੀਆਂ 'ਚ ਸੁੱਟੀ ਨਵਜਾਤ ਬੱਚੀ
ਇਸ ਮਗਰੋਂ ਦੋਵਾਂ ਸਰਕਾਰਾਂ ਨੇ ਸਮਝੌਤਾ ਕਰ ਲਿਆ ਕਿ ਜੋ ਲਾਪਤਾ ਹੋਏ ਹਨ, ਉਹ ਇਕ ਦੂਜੇ ਦੇਸ਼ ਨੂੰ ਵਾਪਸ ਕਰ ਦਿਤੇ ਜਾਣਗੇ, ਬੀਬੀ ਸਕੀਨਾ ਦੇ ਪਿਤਾ ਨੂੰ ਵੀ ਪੁਲਿਸ ਭਾਰਤ ਲੈ ਗਈ ਅਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਮਾਤਾ ਕਰਾਮਾਤੇ ਬੀਬੀ ਪਿੰਡ ਜੱਸੋਵਾਲ ਜ਼ਿਲ੍ਹਾ ਲੁਧਿਆਣਾ ਵਿਚ ਹੈ। ਜਦੋਂ ਉਹ ਘਰ ਗਏ ਤਾਂ ਕਰਾਮਾਤੇ ਬੀਬੀ ਦਾ ਵਿਆਹ ਇਕ ਸਿੱਖ ਪ੍ਰਵਾਰ ਵਿਚ ਹੋਇਆ ਹੈ।
Brother & Sister separated during partition reunite at Kartarpur sahib
ਸਕੀਨਾ ਬੀਬੀ ਦੀ ਜ਼ੁਬਾਨੀ, ‘‘ਪੁਲਿਸ ਮੇਰੀ ਮਾਂ ਨੂੰ ਅਪਣੇ ਨਾਲ ਵਾਪਸ ਪਾਕਿਸਤਾਨ ਲੈ ਆਈ, ਜਦੋਂ ਉਹ ਉਥੋਂ ਵਾਪਸ ਆਉਣ ਲੱਗੇ ਤਾਂ ਮੇਰੀ ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਮੇਰਾ ਲੜਕਾ ਗੁਰਮੇਲ (ਸਿੱਖ ਨਾਂਅ ਰੱਖ ਦਿਤਾ ਸੀ ) ਬਾਹਰ ਖੇਡਣ ਗਿਆ ਹੋਇਆ ਹੈ, ਉਸ ਨੂੰ ਨਾਲ ਲੈ ਕੇ ਜਾਣਾ ਹੈ ਪਰ ਪੁਲਿਸ ਲੈ ਕੇ ਨਹੀਂ ਆਈ। ਪੁਲਿਸ ਮੇਰੀ ਮਾਂ ਨੂੰ ਮੇਰੇ ਭਰਾ ਤੋਂ ਬਗ਼ੈਰ ਪਾਕਿਸਤਾਨ ਲੈ ਆਈ।’’
ਇਹ ਵੀ ਪੜ੍ਹੋ: ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
ਦੋ ਸਾਲ ਬਾਅਦ ਸਕੀਨਾ ਬੀਬੀ ਨੇ ਪਾਕਿਸਤਾਨ ਵਿਚ ਜਨਮ ਲਿਆ। ਫਿਰ ਦੋ ਸਾਲ ਬਾਅਦ ਕਰਾਮਾਤੇ ਬੀਬੀ ਦੀ ਵੀ ਮੌਤ ਹੋ ਗਈ, ਜਦੋਂ ਸਕੀਨਾ ਵੱਡੀ ਹੋਈ ਤਾਂ ਉਸ ਦੇ ਪਿਤਾ ਨੇ ਸਾਰੀ ਗੱਲ ਦੱਸੀ, ਸਕੀਨਾ ਅਪਣੇ ਭਰਾ ਦੀ ਤਸਵੀਰ ਅਤੇ ਉਹ ਚਿੱਠੀ ਜੋ 1961 ਵਿਚ (ਪਿੰਡ ਦੇ ਕਿਸੇ ਬੰਦੇ ਨੇ ) ਲਿਖੀ ਸੀ, ਅਪਣੇ ਕੋਲ ਰੱਖ ਲਈ। ਕਈ ਸਾਲ ਭਰਾ ਦੀ ਯਾਦ ਵਿਚ ਤੜਫਦੀ ਸਕੀਨਾ ਬੀਬੀ ਦੇ ਪ੍ਰਵਾਰ ਨੇ ਪਾਕਿਸਤਾਨ ਦੇ ਯੂਟਿਊਬਰ ਨਾਸਿਰ ਢਿੱਲੋਂ ਦੀ ਟੀਮ ਨਾਲ ਸੰਪਰਕ ਕੀਤਾ, ਜਿਨ੍ਹਾਂ ਵਲੋਂ ਸਕੀਨਾ ਬੀਬੀ ਦੀ ਵੀਡਿਉ ਰਿਕਾਰਡ ਕਰ ਕੇ ਅਪਣੇ ਚੈਨਲ 'ਤੇ ਅਪਲੋਡ ਕਰ ਦਿਤੀ।
Brother & Sister separated during partition reunite at Kartarpur sahib
ਨਾਸਿਰ ਢਿੱਲੋਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਸੋਵਾਲ ਪਿੰਡ ਦੀ ਖੋਜ ਕਰਨ 'ਤੇ ਪਤਾ ਲੱਗਿਆ ਕਿ ਇਹ ਪਿੰਡ ਲੁਧਿਆਣਾ ਜ਼ਿਲ੍ਹੇ ਵਿਚ ਹੈ। ਫਿਰ ਕੁਝ ਦਿਨਾਂ ਦੀ ਮਿਹਨਤ ਅਤੇ ਇਲਾਕੇ ਦੇ ਦੋਸਤਾਂ ਦੀ ਮਦਦ ਨਾਲ ਸਕੀਨਾ ਬੀਬੀ ਦਾ ਭਰਾ ਗੁਰਮੇਲ ਸਿੰਘ ਮਿਲ ਗਿਆ।
ਚਿਰਾਂ ਦੇ ਵਿਛੜੇ ਭੈਣ-ਭਰਾ ਇਕ-ਦੂਜੇ ਦੇ ਗਲੇ ਲੱਗ ਕੇ ਮਿਲੇ। ਇਸ ਭਾਵੁਕ ਪਲ ਦੌਰਾਨ, ਸਕੀਨਾ ਬੀਬੀ ਨੇ ਅਪਣੇ ਭਰਾ ਗੁਰਮੇਲ ਸਿੰਘ ਦੇ ਗੁੱਟ ’ਤੇ ਰੱਖੜੀ ਬੰਨ੍ਹੀ। ਉਨ੍ਹਾਂ ਨੇ ਇਕ-ਦੂਜੇ 'ਤੇ ਫੁੱਲਾਂ ਦੀ ਵਰਖਾ ਕੀਤੀ। ਇਹ ਸਭ ਸੋਸ਼ਲ ਮੀਡੀਆ ਦੀ ਬਦੌਲਤ ਹੀ ਸੰਭਵ ਹੋਇਆ ਹੈ। ਦੋਹਾਂ ਪ੍ਰਵਾਰਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।