
ਬੈਂਸ ਖਿਲਾਫ ਕੇਸ ਸਣੇ 10 ਦਿਨਾਂ ਵਿਚ ਅੱਠ ਮਾਮਲੇ ਦਰਜ, ਜਸ਼ਨਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ 'ਤੇ 54 ਰਿਜ਼ੋਰਟ ਮਾਲਕ ਗ੍ਰਿਫਤਾਰ: ਡੀ.ਜੀ.ਪੀ.
ਚੰਡੀਗੜ੍ਹ, 7 ਸਤੰਬਰ - ਕੋਵਿਡ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲਿਆਂ ਖਿਲਾਫ ਸਿਕੰਜਾ ਕਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਮਹਾਂਮਾਰੀ ਬਾਰੇ ਲੋਕਾਂ ਵਿੱਚ ਅਫਵਾਹਾਂ ਫੈਲਾਉਣ ਅਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈਬ ਚੈਨਲਾਂ ਉਤੇ ਸਖਤ ਕਾਰਵਾਈ ਕੀਤੀ ਜਾਵੇ।
Dinkar Gupta
ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਵੀ ਆਖਿਆ ਕਿ ਵਿਦੇਸ਼ਾਂ ਵਿੱਚ ਸਰਗਰਮ ਭਾਰਤ ਵਿਰੋਧੀ ਤੱਤਾਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਅਤੇ ਅਜਿਹੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਜਾਣ, ਭਾਵੇਂ ਉਹ ਕਿਸੇ ਵੀ ਕੋਨੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਅਤੇ ਵੈਬ ਚੈਨਲਾਂ ਤੇ ਗੁੰਮਰਾਹਕੁੰਨ ਪ੍ਰਚਾਰ ਤੇ ਅਫਵਾਹਾਂ ਫੈਲਾ ਰਹੇ ਹੋਣ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਤੱਤਾਂ 'ਤੇ ਭਾਰਤ ਵਿੱਚ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾਵੇ।
captain Amarinder Singh
ਇਹ ਹਦਾਇਤਾਂ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਅਫਵਾਹ ਫੈਲਾਉਣ ਵਾਲੇ ਅਜਿਹੇ ਤੱਤਾਂ ਖਿਲਾਫ ਮਾਮਲੇ ਦਰਜ ਕਰਨ ਦੀ ਮੁਹਿੰਮ ਦੌਰਾਨ ਜਾਰੀਆਂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਸਮੀਖਿਆ ਬਾਰੇ ਹੋਈ ਵਰਚੁਅਲ ਮੀਟਿੰਗ ਵਿੱਚ ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੇ ਅੰਦਰ (27 ਅਗਸਤ ਤੋਂ 7 ਸਤੰਬਰ ਤੱਕ) ਅਫਵਾਹਾਂ ਫੈਲਾਉਣ ਵਾਲਿਆਂ, ਗੁੰਮਰਾਹਕੁੰਨ ਵੀਡਿਓਜ਼ ਰਾਹੀਂ ਕੋਵਿਡ ਖਿਲਾਫ ਵਿੱਢੀ ਜੰਗ ਵਿੱਚ ਅੜਿੱਕੇ ਢਾਹੁਣ ਅਤੇ ਲੋਕਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਹੀ ਤਰੀਕੇ ਨਾਲ ਇਲਾਜ ਕਰਵਾਉਣ ਦੇ ਰਾਹ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਖਿਲਾਫ 8 ਮਾਮਲੇ ਦਰਜ ਕੀਤੇ ਗਏ ਹਨ।
simarjit singh bains
ਇਨ੍ਹਾਂ ਕੇਸਾਂ ਵਿੱਚੋਂ ਇਕ ਕੇਸ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਵੀ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ, ਫਿਰੋਜ਼ਪੁਰ, ਮਾਨਸਾ, ਐਸ.ਏ.ਐਸ. ਨਗਰ, ਲੁਧਿਆਣਾ ਦਿਹਾਤੀ, ਲੁਧਿਆਣਾ, ਜਲੰਧਰ ਤੇ ਮੋਗਾ ਵਿਖੇ ਕੇਸ ਦਰਜ ਕੀਤੇ ਗਏ ਹਨ। ਡੀ.ਜੀ.ਪੀ. ਨੇ ਆਖਿਆ ਕਿ ਸਰਕਾਰ ਵੱਲੋਂ ਪਾਰਟੀਆਂ ਕਰਨ ਉਤੇ ਲਗਾਈ ਪਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਲੁਧਿਆਣਾ ਤੇ ਫਗਵਾੜਾ (ਕਪੂਰਥਲਾ) ਵਿਖੇ ਅਪਾਰਧਿਕ ਕੇਸ ਦਰਜ ਕੀਤੇ ਗਏ ਹਨ। ਹੁਣ ਤੱਕ 54 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮੂਨ ਵਾਕ ਰਿਜ਼ੋਰਟ ਦਾ ਮਾਲਕ ਵੀ ਸ਼ਾਮਲ ਹੈ ਜੋ ਲੁਧਿਆਣਾ ਵਿਖੇ ਪੂਲ ਪਾਰਟੀ ਦਾ ਪ੍ਰਬੰਧ ਕਰ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਬਸੰਤ ਰੈਸਟੋਰੈਂਟ ਫਗਵਾੜਾ ਦੇ ਮਾਲਕ ਸਣੇ ਫਗਵਾੜਾ ਵਿੱਚ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।