
ਕੱਚੇ ਕਾਮਿਆਂ ਨੇ ਲਾਈਆਂ ਪਨਬਸ ਅਤੇ ਪੀ.ਆਰ.ਟੀ.ਸੀ. ਦੀਆਂ ਬਸਾਂ ਨੂੰ ਬਰੇਕਾਂ
27 ਡਿਪੂਆਂ ਵਿਚ ਮੁਕੰਮਲ ਚੱਕਾ ਜਾਮ, ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ
ਪਟਿਆਲਾ, 6 ਸਤੰਬਰ (ਅਵਤਾਰ ਸਿੰਘ ਗਿੱਲ) : 17 ਸਾਲ ਤੋਂ ਕੰਟਰੈਕਟ 'ਤੇ ਕੰਮ ਕਰਦੇ ਪੀ.ਆਰ.ਟੀ.ਸੀ. ਅਤੇ ਪਨਬਸ ਕਾਮਿਆਂ ਦਾ ਗੁੱਸੇ ਦਾ ਲਾਵਾ ਫੁਟਿਆ ਤੇ ਉਨ੍ਹਾਂ 27 ਡਿਪੂਆਂ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿਤੀ ਜਿਸ ਕਾਰਨ ਘੋੜੇ ਵਾਲੀਆਂ ਬਸਾਂ ਨੂੰ ਬਰੇਕਾਂ ਲੱਗ ਗਈਆਂ | ਕਾਮਿਆਂ ਦੀ ਹੜਤਾਲ ਕਾਰਨ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਤਾਂ ਭਾਰੀ ਖੱਜਲ ਖੁਆਰੀ ਸਾਹਮਣਾ ਕਰਨਾ ਪੈ ਰਿਹਾ ਹੈ |
ਇਸ ਹੜਤਾਲ ਨਾਲ ਜਿਥੇ ਸਰਕਾਰ ਨੂੰ ਘਾਟਾ ਪਵੇਗਾ, ਉਥੇ ਪ੍ਰਾਈਵੇਟ ਟ੍ਰਾਂਸਪੋਰਟਰ ਇਸ ਹੜਤਾਲ ਨੂੰ ਲੈ ਕੇ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ, ਕਿਉਂਕਿ ਪਿਛਲੇ 17 ਸਾਲਾਂ ਤੋਂ ਸਰਕਾਰ ਦੇ ਪੱਕੇ ਕਰਨ ਦੇ ਮਹਿਜ਼ ਲਾਰੇ ਹੀ ਰਹੇ, ਜਿਸ ਤੋਂ ਖ਼ਫ਼ਾ ਕੰਟਰੈਕਟ ਬੇਸ ਕਾਮੇ ਜੋ ਕਿ ਸਾਲ 2004 ਵਿਚ ਵਿਭਾਗ ਵਿਚ ਤਾਂ ਲੈ ਲਏ ਗਏ ਪਰ ਉਨ੍ਹਾਂ ਦੀ ਹਾਲਤ ਜਿਉਂ ਦੀ ਤਿਉਂ ਹੀ ਬਣੀ ਰਹੀ, ਕਿਉਂਕਿ ਇਸ ਮਹਿੰਗਾਈ ਦੇ ਜ਼ਮਾਨੇ ਵਿਚ 17 ਸਾਲ ਪੁਰਾਣੀ ਤਨਖ਼ਾਹ ਨਾਲ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਬਲਣ ਦੀ ਥਾਂ ਲਗਭਗ ਠੰਢਾ ਹੀ ਨਜ਼ਰ ਆਉਂਦਾ ਰਿਹਾ | ਹੜਤਾਲੀ ਕਾਮੇ ਗੱਲਬਾਤ ਕਰਦੇ ਦਸਦੇ ਹਨ ਕਿ ਸਰਕਾਰ ਵਲੋਂ ਲਗਾਤਾਰ ਉਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਕਿਉਂਕਿ ਨਿਗੂਣੀ ਤਨਖ਼ਾਹ 'ਤੇ ਗੁਜ਼ਾਰਾ ਕਰਨਾ ਲਗਭਗ ਮੁਸ਼ਕਲ ਹੀ ਹੈ | ਨੌਕਰੀ ਹੋਣ ਦੇ ਬਾਵਜੂਦ ਵੀ ਨਾ ਤਾਂ ਉਹ ਅਪਣਾ ਘਰ ਹੀ ਚਲਾ ਪਾ ਰਹੇ ਹਨ ਅਤੇ ਹੀ ਅਪਣੇ ਬੱਚਿਆਂ ਨੂੰ ਯੋਗ ਸਿਖਿਆ ਦਿਵਾ ਪਾ ਰਹੇ ਹਨ, ਜਿਸ ਕਰ ਕੇ ਉਨ੍ਹਾਂ ਦੀ ਮਜਬੂਰੀ ਬਣ ਗਈ ਕਿ ਸੁੱਤੀ ਸਰਕਾਰ ਨੂੰ ਜਗਾਉਣ ਲਈ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਕੀਤਾ ਜਾਵੇ ਜੋ ਕਿ ਪਹਿਲਾਂ ਹੀ ਸਰਕਾਰਾਂ ਦੇ ਚੋਣਾਂ ਵਾਲੇ ਲੁਭਾਵੇਂ ਵਾਅਦਿਆਂ ਕਰ ਕੇ ਘਾਟੇ ਵਿਚ ਚਲੀ ਗਈ ਹੈ | ਸਰਕਾਰ ਦੇ ਨੇਤਾਵਾਂ ਅਤੇ ਮੁੱਖ ਮੰਤਰੀ ਨੇ ਅਪਣੀਆਂ ਵੋਟਾਂ ਖਾਤਰ ਪੰਜਾਬ ਰੋਡਵੇਜ਼ ਦਾ ਭਵਿੱਖ ਬੀਬੀਆਂ ਦਾ ਸਫ਼ਰ ਮੁਫ਼ਤ ਕਰ ਕੇ ਤਕਰੀਬਨ ਦਾਅ 'ਤੇ ਲਗਾ ਦਿਤਾ ਹੈ,
ਜਿਥੇ ਪਹਿਲਾਂ ਰੋਡਵੇਜ ਦੇ ਵਾਧੇ ਵਿਚ ਜਾਣ ਕਰ ਕੇ ਉਨ੍ਹਾਂ ਨੂੰ ਥੋੜੀ ਜਿਹੀ ਆਸ ਜਗੀ ਸੀ ਕਿ ਚਲੋ ਉਨ੍ਹਾਂ ਦੀ ਸੁਣਵਾਈ ਹੋਵੇਗੀ ਪਰ ਇਸ ਮੁਫਤ ਸਫ਼ਰ ਦੇ ਫੈਸਲੇ ਨੇ ਪੰਜਾਬ ਰੋਡਵੇਜ ਨੂੰ ਖੁੱਡੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਤੋਂ ਇਹ ਅੰਦਾਜਾ ਲਗਾਉਣਾ ਔਖਾ ਨਹੀਂ ਕਿ ਸਰਕਾਰਾਂ ਹੁਣ ਪੰਜਾਬ ਰੋਡਵੇਜ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਲਈ ਉਤਾਵਲੀ ਹੈ, ਕਿਉਂਕਿ ਇਸ ਮੁਫ਼ਤ ਸਫ਼ਰ ਨਾਲ ਰੋਡਵੇਜ ਨੂੰ ਜੋ ਘਾਟਾ ਪਵੇਗਾ ਉਹ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਕੀਤਾ ਜਾ ਸਕਦਾ | ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆਖਰ ਸਾਡੇ ਸਬਰ ਦਾ ਪਿਆਲਾ ਭਰ ਗਿਆ ਹੈ ਅਤੇ ਸਮੂਹ ਮੁਲਾਜ਼ਮਾਂ ਅਤੇ ਕੰਟਰੈਕਟ ਮੁਲਾਜਮਾਂ ਨੇ ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਕਰਨਾ ਹੀ ਇਸ ਨੂੰ ਬਚਾਉਣ ਦਾ ਹੱਲ ਸਮਝਿਆ |
ਹੜਤਾਲੀ ਕਾਮਿਆਂ ਨੇ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਸਾਡੀ ਗੱਲ ਨਹੀਂ ਸੁਣਦੀ ਅਤੇ ਅਪਣੇ ਨਾਦਰਸ਼ਾਹੀ ਫ਼ੈਸਲਿਆਂ 'ਤੇ ਅੜ੍ਹੀ ਰਹਿੰਦੀ ਹੈ ਤਾਂ ਅਸੀਂ ਸਾਰੇ ਹੀ ਬੱਸ ਅੱਡਿਆਂ ਅਤੇ ਡਿਪੂਆਂ ਨੂੰ ਤਾਲੇ ਜੜਨ ਲਈ ਮਜ਼ਬੂਰ ਹੋਵਾਂਗੇਂ ਤਾਂ ਜੋ ਇਸ ਘਾਟੇ ਦੇ ਸੌਦੇ ਨੂੰ ਬੰਦ ਕਰਵਾ ਮੁਲਾਜ਼ਮਾਂ ਦੇ ਹੱਕ ਦਵਾਏ ਜਾ ਸਕਣ |
ਫੋਟੋ ਨੰ: 6 ਪੀਹੇਟੀ 4
ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਰੋਡਵੇਜ਼ ਦੇ ਕਾਮੇ ਅਤੇ ਨਾਲ ਬੱਸ ਅੱਡੇ ਵਿੱਖੇ ਬੰਦ ਖੜ੍ਹੀਆਂ ਪੀ.ਆਰ.ਟੀ.ਸੀ. ਦੀਆਂ ਬੱਸਾਂ | ਫੋਟੋ : ਅਜੇ