
ਹਿੰਦੂਆਂ ਅਤੇ ਸਿੱਖਾਂ 'ਚ ਨਫ਼ਰਤ ਪੈਦਾ ਕਰਨ 'ਚ ਸਫ਼ਲ ਨਹੀਂ ਹੋ ਸਕੇਗਾ ਪਾਕਿਸਤਾਨ : ਪ੍ਰੋ. ਖਿਆਲਾ
ਅੰਮਿ੍ਤਸਰ, 6 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਪਣੇ ਘਿਣਾਉਣੇ ਮਕਸਦ ਲਈ ਖੇਡ ਵਰਤਾਰਿਆਂ ਵਿਚ ਵੀ ਭੈੜੀ ਸਿਆਸਤ ਕਰਨ ਅਤੇ ਖੇਡ ਪ੍ਰੇਮੀਆਂ ਦੀਆਂ ਪਵਿੱਤਰ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਪਾਕਿਸਤਾਨ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਹਿੰਦੂ ਅਤੇ ਸਿੱਖਾਂ ਵਿਚ ਨਫ਼ਰਤ ਅਤੇ ਗਲਤਫ਼ਹਿਮੀਆਂ ਪੈਦਾ ਕਰਨ ਪ੍ਰਤੀ ਪਾਕਿਸਤਾਨ ਦਾ ਮਨਸੂਬਾ ਕਦੀ ਵੀ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ |
ਉਨ੍ਹਾਂ ਕਿਹਾ ਕਿ ਏਸੀਆ ਕੱਪ ਲਈ ਬੀਤੇ ਦਿਨੀਂ ਦੁਬਈ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਕਿ੍ਕਟ ਮੈਚ ਦੌਰਾਨ ਕੈਚ ਛੁੱਟ ਜਾਣ ਨੂੰ ਲੈ ਕੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ 'ਤੇ ਖ਼ਾਲਿਸਤਾਨ ਹੋਣ ਦਾ ਲੇਬਲ ਲਾਉਂਦਿਆਂ ਉਸ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਪ੍ਰਚਾਰ ਵਿੰਗ ਇੰਟਰ ਸਰਵਿਸ ਪਬਲਿਕ ਰਿਲੇਸਨ (ਆਈ ਐਸ ਪੀ ਆਰ) ਵਲੋਂ ਪੂਰੀ ਯੋਜਨਾ ਤਹਿਤ ਕੀਤੀ ਗਈ ਹੈ |
ਉਨ੍ਹਾਂ ਕਿਹਾ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਗ਼ਲਤ ਜਾਣਕਾਰੀ ਲਈ ਵਿਕੀਪੀਡੀਆ ਨੂੰ ਜਵਾਬ ਤਲਬ ਕਰਨ 'ਤੇ ਇਹ ਗਲ ਸਾਹਮਣੇ ਆਈ ਹੈ ਕਿ ਗ਼ਲਤ ਜਾਣਕਾਰੀ ਦੇਣ ਵਾਲੇ ਦਾ ਆਈ ਪੀ ਅਡਰੈਸ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਕੰਪਨੀ ਲਿਮਟਿਡ ਦੇ ਨਾਮ ਸਾਹਮਣੇ ਆ ਚੁਕਿਆ ਹੈ, ਜੋ ਕਿ ਪਾਕਿਸਤਾਨ ਸਰਕਾਰ ਦੀ ਅਧਿਕਾਰਤ ਇਕਾਈ ਹੈ | ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਰਸ਼ਦੀਪ ਤੋਂ ਇਕ ਕੈਚ ਛੁੱਟ ਜਾਣ 'ਤੇ ਉਸ 'ਤੇ ਇਕ ਸਿੱਖ ਹੋਣ ਕਰ ਕੇ ਨਿਸ਼ਾਨਾ ਸਾਧਿਆ ਗਿਆ |
ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਪੰਥ ਅਰਸ਼ਦੀਪ ਸਿੰਘ ਨਾਲ ਹੈ |
ਕੈਪਸ਼ਨ—ਏ ਐਸ ਆਰ ਬਹੋੜੂ—6—7— ਸਰਚਾਂਦ ਸਿੰਘ |