
MLA ਗੋਗੀ ਨੇ ਕਿਹਾ ਕਿ ਮੈਂ ਖੁਦ ਯੂਨੀਅਨ ਦੇ ਮੈਂਬਰਾਂ ਨਾਲ ਜਾਵਾਂਗਾ
ਲੁਧਿਆਣਾ - ਅੱਜ ਪ੍ਰਾਈਵੇਟ ਟੈਕਸੀ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਟੈਕਸੀ ਯੂਨੀਅਨ ਨੇ ਵਿਧਾਇਕ ਨੂੰ ਆਪਣੀਆਂ ਟੈਕਸੀ ਦੀਆਂ ਚਾਬੀਆਂ ਆਫਰ ਕੀਤੀਆਂ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੂੰ ਵਿਧਾਇਕ ਨੇ ਕਾਲ ਕੀਤੀ ਅਤੇ ਉਨ੍ਹਾਂ ਦੇ ਸੈਕਟਰੀ ਨੇ ਯੂਨੀਅਨ ਦੇ ਮੈਂਬਰਾਂ ਨਾਲ ਮੀਟਿੰਗ ਦਾ ਸਮਾਂ ਦਿੱਤਾ।
ਇਸ ਮੌਕੇ ਟੈਕਸੀ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਸਾਡੇ ਕੋਲ ਧਰਨਾ ਪ੍ਰਦਰਸ਼ਨ ਕਰਨ ਦਾ ਹੱਕ ਹੈ। ਅਸੀਂ ਪਹਿਲਾਂ ਵੀ ਸਾਬਕਾ ਸਰਕਾਰਾਂ ਦੇ ਮੰਤਰੀਆਂ ਦੇ ਘਰ ਦਾ ਘਿਰਾਓ ਕਰਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਐਮਐਲਏ ਨੇ ਮੀਟਿੰਗ ਦਾ ਭਰੋਸਾ ਦਿੱਤਾ ਹੈ ਤੇ ਅਸੀਂ ਇਸ ਤੇ ਸੰਤੁਸ਼ਟੀ ਜਤਾਉਂਦੇ ਹਨ। ਉਧਰ ਐਮਐਲਏ ਗੋਗੀ ਨੇ ਵੀ ਕਿਹਾ ਕਿ ਅਸੀਂ ਸਪੀਕਰ ਨਾਲ ਇਨ੍ਹਾਂ ਦੀ ਗੱਲ ਕਰਵਾਈ ਹੈ ਮੈਂ ਖੁਦ ਵਫ਼ਦ ਲੈ ਕੇ ਇਹਨਾਂ ਦੇ ਨਾਲ ਜਾਵਾਂਗਾ ਤੇ ਇਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ।
ਪੰਜਾਬ ਭਰ ਦੇ ਟੈਕਸੀ ਚਾਲਕਾਂ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਲੜੀ ਹੇਠ ਲੁਧਿਆਣਾ ਦੇ ਟੈਕਸੀ ਚਾਲਕਾਂ ਵੱਲੋਂ ਬੀਤੇ ਦਿਨੀਂ ਆਰ.ਟੀ.ਏ ਲੁਧਿਆਣਾ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ ਗਿਆ ਸੀ। ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਸਖ਼ਤ ਸੰਘਰਸ਼ ਵਿੱਢਿਆ ਜਾਵੇਗਾ।