
ਪੰਜਾਬ ਦੇ ਨੌਜਵਾਨਾਂ ਨੇ ਕੌਮੀ ਹੁਨਰ ਮੁਕਾਬਲੇ ਵਿੱਚ 8 ਤਗ਼ਮੇ ਜਿੱਤਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ
ਚੰਡੀਗੜ : ਪੰਜਾਬ ਦੇ ਨੌਜਵਾਨਾਂ ਨੇ ਕੌਮੀ ਹੁਨਰ ਮੁਕਾਬਲੇ ਵਿੱਚ 8 ਤਗ਼ਮੇ ਜਿੱਤਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ, ਜਿੰਨ•ਾਂ ਵਿੱਚ 3 ਸੋਨੇ ਦੇ, 1 ਚਾਂਦੀ, 2 ਕਾਂਸੀ ਤੇ 2 ਹੋਰ ਤਗਮੇ (ਮੈਡਲੇਨ)ਸ਼ਾਮਲ ਹਨ। ਇਹ ਹੁਨਰ ਮੁਕਾਬਲੇ 2 ਤੋਂ 5 ਅਕਤੂਬਰ, 2018 ਤੱਕ ਔਰੰਗਾਬਾਦ, ਚੇਨੰਈ ਅਤੇ ਦਿੱਲੀ ਵਿਖੇ ਕਰਵਾਏ ਗਏ। ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਜੇਤੂਆਂ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਉਹਨਾਂ ਕਿਹਾ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਨਾਉਣ ਅਤੇ ਵਿਸ਼ਵ ਪੱਧਰ ਦੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੁਫ਼ਤ ਸਿਖਲਾਈ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕੌਮੀ ਹੁਨਰ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕਰੇਗੀ ਅਤੇ ਅਜਿਹੇ ਹੁਨਰਮੰਦ ਨੌਜਵਾਨ ਲਈ ਚੰਗੇ ਰੋਜ਼ਗਾਰ ਮੌਕਿਆਂ ਦਾ ਰਾਹ ਪੱਧਰਾ ਕਰਨ ਨੂੰ ਯਕੀਨੀ ਬਣਾਏਗੀ।
ਉਹਨਾਂ ਕਿਹਾ ਕਿ 2019 ਵਿੱਚ ਕਜ਼ਾਨ, ਰੂਸ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੇ ਇਨ•ਾਂ ਜੇਤੂਆਂ ਨੂੰ ਇੰਡੀਆ ਸਕਿੱਲਜ਼ ਟੀਮ, ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਸਕੱਤਰ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਮੈਂਬਰ ਸਕੱਤਰ ਸ੍ਰੀ ਡੀ.ਕੇ ਤਿਵਾੜੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪੰਜਾਬ ਵਿੱਚ ਕੁੱਲ 42 ਵੱਖ-ਵੱਖ ਹੁਨਰਾਂ ਦੇ ਮੁਕਾਬਲੇ ਆਯੋਜਿਤ ਕਰਵਾਏ ਗਏ ਜਿਹਨਾਂ ਵਿੱਚ ਜ਼ੋਨ ਪੱਧਰ 'ਤੇ 4800 ਨੌਜਵਾਨਾਂ ਨੇ ਹਿੱਸਾ ਲਿਆ ਹੈ।
ਜ਼ੋਨ ਪੱਧਰ ਦੇ ਜੇਤੂਆਂ ਵੱਲੋਂ 26 ਵੱਖ-ਵੱਖ ਹੁਨਰਾਂ ਵਿੱਚ ਕੁੱਲ 20 ਥਾਵਾਂ 'ਤੇ ਕਰਵਾਏ ਰਾਜ ਹੁਨਰ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ । ਪੀ.ਐਸ.ਡੀ.ਐਮ ਨੇ ਇਨ•ਾਂ ਨੌਜਵਾਨਾਂ ਨੂੰ ਸੂਬੇ ਵਿਚਲੇ ਅਤੇ ਬਾਹਰਲੇ ਉਦਯੋਗਾਂ ਤੇ ਸੈਂਟਰ ਆਫ ਐਕਸੀਲੈਂਸ ਤੋਂ ਸਿਖਲਾਈ ਮੁਹੱਈਆ ਕਰਵਾਈ ਸੀ। ਸਿਖਲਾਈ ਲੈਣ ਮਗਰੋਂ ਸਟੇਟ ਸਕਿੱਲ ਮੁਕਾਬਲੇ ਦੇ ਇਹਨਾਂ 52 ਜੇਤੂਆਂ ਨੇ ਸਕਿੱਲ ਇੰਡੀਆ ਵੱਲੋਂ ਲਖ਼ਨਊ, ਚੇਨੰਈ, ਜੈਪੁਰ ਤੇ ਭੁਵਨੇਸ਼ਵਰ ਵਿੱਚ ਆਯੋਜਿਤ ਖੇਤਰੀ ਹੁਨਰ ਮੁਕਾਬਲੇ ਵਿੱਚ ਹਿੱਸਾ ਲਿਆ। ਉਨ•ਾਂ ਦੱਸਿਆ ਕਿ ਕੇਵਲ 14 ਨੌਜਵਾਨ ਹੀ ਖੇਤਰੀ ਹੁਨਰ ਮੁਕਾਬਲੇ ਤੋਂ ਕੌਮੀ ਹੁਨਰ ਮੁਕਾਬਲੇ ਤੱਕ ਦਾ ਸਫ਼ਰ ਤੈਅ ਕਰ ਪਾਏ,
ਜੋ ਕਿ 2 ਤੋਂ 6 ਅਕਤੂਬਰ, 2018 ਤੱਕ ਆਯੋਜਿਤ ਕਰਵਾਈ ਗਈ ਸੀ। ਕੌਮੀ ਹੁਨਰ ਮੁਕਾਬਲੇ ਦੇ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਤਿੰਨ ਪ੍ਰਤੀਯੋਗੀ ਸ਼ੁੱਭਮ, ਹਿਮਾਂਸ਼ੂ ਵੋਹਰਾ ਤੇ ਸੋਮਿਆਜੀਤ ਦੱਤਾ ਵੱਲੋਂ ਕ੍ਰਮਵਾਰ ਸਾਇਬਰ ਸੁਰੱਖਿਆ, ਪਲੰਬਿੰਗ ਤੇ ਹੀਟਿੰਗ ਅਤੇ ਕਲਾਊਡ ਕੰਪਿਊਟਿੰਗ ਵਿੱਚ ਸੋਨ ਤਗ਼ਮੇ ਹਾਸਲ ਕੀਤੇ ਗਏ। ਵਿਨਾਇਕ ਸ਼ਰਮਾ ਨੇ ਇੰਡਸਟ੍ਰੀਅਲ ਕੰਟਰੋਲ ਵਿੱਚ ਚਾਂਦੀ ਦਾ ਤਗ਼ਮਾ ਫੁੰਡਿਆ ਜਦੋਂ ਕਿ ਯਸ਼ਜੀਤ ਅਤੇ ਗੁਰਵਿੰਦਰ ਕੌਰ ਨੇ ਕ੍ਰਮਵਾਰ ਸੀਐਨਸੀ ਮਿਲਿੰਗ ਅਤੇ ਕੰਕ੍ਰੀਟ ਕੰਸਟ੍ਰਕਸ਼ਨ ਵਿੱਚ ਤਾਂਬੇ ਦੇ ਤਗਮੇ ਜਿੱਤੇ।
ਇਸ ਤੋਂ ਇਲਾਵਾ ਸ਼ਗੁਨ ਵਸ਼ਿਸ਼ਟ ਤੇ ਸੁਖਵੀਰ ਸਿੰਘ ਨੂੰ ਵਿਸ਼ਵ ਹੁਨਰ ਮੁਕਾਬਲੇ ਦੇ ਨਿਯਮਾਂ ਅਨੁਸਾਰ ਸਿਹਤ ਤੇ ਸਮਾਜਿਕ ਦੇਖਭਾਲ ਅਤੇ ਅਗਵਾਨੂੰ ਦੇ ਤੌਰ 'ਤੇ ਮੈਡਲੇਨ ਆਫ ਐਕਸੀਲੈਂਸ ਵਜੋਂ ਸਨਮਾਨਿਆ ਗਿਆ। ਜੇਤੂਆਂ ਨੂੰ ਸਨਮਾਨ ਵਜੋਂ ਕ੍ਰਮਵਾਰ 1ਲੱਖ ਰੁਪਏ , 75,000 ਰੁਪਏ ਤੇ 50,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।