
ਪੰਜਾਬ ਵਲੋਂ ਸੁਰੱਖਿਆ ਦੇ ਭਰੋਸੇ ਦੇ ਬਾਵਜੂਦ ਵੀ ਹਾਲੇ ਰੇਲਵੇ ਵਲੋਂ ਰੇਲਾਂ ਚਲਾਉਣ ਤੋਂ ਆਨਾਕਾਨੀ
ਕਿਸਾਨਾਂ ਨੇ ਸਾਰੇ ਟਰੈਕ, ਸਮੇਤ ਨਿਜੀ ਥਰਮਲਾਂ ਦੇ ਟਰੈਕ ਖ਼ਾਲੀ ਕੀਤੇ
ਚੰਡੀਗੜ੍ਹ, 6 ਨਵੰਬਰ (ਗੁਰਉਪਦੇਸ਼ ਭੁੱਲਰ) : ਬੀਤੇ ਦਿਨੀਂ ਪੰਜਾਬ ਦੇ ਕਾਂਗਰਸੀ ਸਾਂਸਦਾਂ ਦੀ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨਾਲ ਮੀਟਿੰਗ ਦੌਰਾਨ ਪਰਨੀਤ ਕੌਰ ਵਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਲਾਂ ਨੂੰ ਸੁਰਖਿਆ ਬਾਰੇ ਪੱਤਰ ਸੌਂਪਣ ਤੋਂ ਬਾਅਦ ਕੇਂਦਰੀ ਰੇਲ ਮੰਤਰਾਲੇ ਵਲੋਂ ਸ਼ੁਕਰਵਾਰ ਨੂੰ ਰੇਲਵੇ ਲਾਈਨਾਂ ਦੇ ਜਾਇਜ਼ੇ ਤੋਂ ਬਾਅਦ ਰੇਲਾਂ ਚਲਾਉਣ ਦੀ ਗੱਲ ਆਖੀ ਗਈ ਸੀ ਪਰ ਅੱਜ ਵੀ ਅਜਿਹਾ ਨਹੀਂ ਹੋਇਆ। ਹਾਲੇ ਵੀ ਰੇਲਵੇ ਮੰਤਰਾਲਾ ਸੁਰੱਖਿਆ 'ਤੇ ਸਵਾਲ ਉਠਾ ਕੇ ਰੇਲਾਂ ਚਾਲੂ ਕਰਨ ਤੋਂ ਆਨਾਕਾਨੀ ਵਾਲਾ ਰਵਈਆ ਹੀ ਅਪਣਾ ਰਿਹਾ ਹੈ। ਸੂਬੇ 'ਚੋਂ ਮਿਲੀਆਂ ਰੀਪੋਰਟਾਂ ਮੁਤਾਬਕ ਇਸ ਸਮੇਂ ਕਿਸਾਨ ਜਥੇਬੰਦੀਆਂ ਨੇ ਲਗਭਗ ਸਾਰੇ ਟਰੈਕ ਖ਼ਾਲੀ ਹੀ ਨਹੀਂ ਕਰ ਦਿਤੇ ਬਲਕਿ ਅਪਣੇ ਧਰਨੇ ਵੀ ਪਲੇਟਫਾਰਮਾਂ ਤੋਂ ਚੁੱਕ ਕੇ ਬਾਹਰ ਪਾਰਕਿੰਗ 'ਤੇ ਲਾ ਲਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਨਿਜੀ ਥਰਮਲਾਂ ਦੇ ਟਰੈਕਾਂ ਤੋਂ ਵੀ ਧਰਨੇ ਚੁੱਕ ਲਏ ਹਨ। ਪੰਜਾਬ ਪੁਲਸ ਵਲੋਂ ਬੀਤੀ ਰਾਤ ਤੋਂ ਹੀ ਸੂਬੇ ਭਰ ਵਿਚ ਆਰ.ਪੀ.ਐਫ. ਦੀ ਸਹਾਇਤਾ ਨਾਲ ਰੇਲਵੇ ਟਰੈਕਾਂ ਦਾ ਨਿਰੀਖਣ ਕਰ ਕੇ ਖਾਲੀ ਹੋਣ ਦੀਆਂ ਅੱਜ ਦੁਪਹਿਰ ਬਾਅਦ ਤਕ ਰੀਪੋਰਟਾਂ ਵੀ ਦੇ ਦਿਤੀਆਂ ਹਨ ਪਰ ਇਸ ਦੇ ਬਾਵਜੂਦ ਰੇਲਵੇ ਮੰਤਰਾਲਾ ਹਾਲੇ ਵੀ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਰੇਲਾਂ ਚਾਲੂ ਕਰਨ 'ਚ ਫਿਲਹਾਲ ਦੇਰੀ ਕਰ ਰਿਹਾ ਹੈ। ਇਕ ਪਾਸੇ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਰੇਲਵੇ ਦੇ ਚੇਅਰਮੈਨ ਤੇ ਸੀ.ਈ.ਓ. ਵੀ.ਕੇ. ਯਾਦਵ ਰੇਲਾਂ ਛੇਤੀ ਸ਼ੁਰੂ ਕਰਨ ਦੀ ਗੱਲ ਕਹਿ ਰਹੇ ਹਨ ਤੇ ਨਾਲ ਹੀ ਰੇਲਾਂ ਦੀ ਸੁਰੱਖਿਆ ਬਾਰੇ ਵੀ ਮੁੜ ਸੁਆਲ ਚੁੱਕ ਰਹੇ ਹਨ ਜਦ ਕਿ ਇਸ ਸਮੇਂ ਸੂਬੇ ਵਿਚ ਸਾਰੇ ਰੇਲਵੇ ਸਟੇਸ਼ਨਾਂ ਦੇ ਅੰਦਰ ਤੇ ਟਰੈਕਾਂ ਨਾਲ ਲੋੜੀਂਦੀ ਪੁਲਸ ਦੀ ਤੈਨਾਤੀ ਹੋ ਚੁੱਕੀ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਦੀ ਰੇਲਾਂ ਚਲਾਉਣ ਬਾਰੇ ਭੂਮਿਕਾ ਸ਼ੱਕ ਦੇ ਘੇਰੇ ਵਿਚ ਹੈ ਤੇ ਉਹ ਹਾਲੇ ਵੀ ਪੰਜਾPhotoਬ ਤੋਂ ਹਾੜੇ ਕਢਵਾ ਕੇ ਰੇਲਾਂ ਚਲਾਉਣ ਦੀ ਨੀਤੀ 'ਤੇ ਚੱਲ ਰਹੀ ਹੈ।