
ਸਾਬਕਾ ਭਾਜਪਾ ਮੰਤਰੀ ਜਿਆਣੀ ਨੇ ਪੂਰਿਆ ਕਿਸਾਨਾਂ ਦਾ ਪੱਖ
ਕਿਹਾ, ਕੁੱਝ ਚਮਚਾ ਕਿਸਮ ਦੇ ਲੋਕ ਕੇਂਦਰ ਨੂੰ ਜ਼ਮੀਨੀ ਸਚਾਈ ਨਹੀਂ ਦਸ ਰਹੇ
ਚੰਡੀਗੜ੍ਹ, 6 ਨਵੰਬਰ (ਨੀਲ ਭਾਲਿੰਦਰ ਸਿੰਘ): ਵਿਵਾਦਿਤ ਖੇਤੀ ਕਾਨੂੰਨਾਂ ਉਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕਿਸਾਨਾਂ ਖ਼ਾਸ ਕਰ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਅੱਖੋਂ ਪਰੋਖੇ ਕਰਨ ਨੂੰ ਲੈ ਕੇ ਹੋਰਨਾਂ ਧਿਰਾਂ ਦੇ ਨਾਲ ਨਾਲ ਹੁਣ ਖ਼ੁਦ ਭਾਜਪਾਈ ਵੀ ਔਖੇ ਜਾਪਣ ਲੱਗ ਪਏ ਹਨ। ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੂੰ ਪੰਜਾਬ ਵਿਚ 8 ਮੈਂਬਰਾਂ ਦੀ ਕਮੇਟੀ ਬਣਾ ਕੇ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਪਰ ਕਿਸਾਨੀ ਸਮੂਹਾਂ ਨਾਲ ਉਸ ਦੀ ਗੱਲਬਾਤ ਸਫ਼ਲ ਨਹੀਂ ਹੋ ਸਕੀ। ਸੁਰਜੀਤ ਕੁਮਾਰ ਜਿਆਣੀ ਨੇ ਕੇਂਦਰੀ ਮੰਤਰੀਆਂ ਵਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਕਰ ਕੇ ਅਪਣੀ ਹੀ ਪਾਰਟੀ ਵਿਰੁਧ ਅਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਚਮਚਾ ਕਿਸਮ ਦੇ ਲੋਕ ਕੇਂਦਰ ਨੂੰ ਸਹੀ ਜ਼ਮੀਨੀ ਹਾਲਾਤ ਬਾਰੇ ਜਾਣਕਾਰੀ ਨਹੀਂ ਦੇ ਰਹੇ।
ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕਰਨਾ ਚਾਹੀਦਾ ਹੈ ਪਰ ਕਿਸਾਨਾਂ ਨੂੰ ਸਮਾਂ ਨਹੀਂ ਦਿਤਾ ਜਾ ਰਿਹਾ। ਇਸ ਕਾਰਨ ਇਹ ਮਾਮਲਾ
ਦਿਨੋਂ ਦਿਨ ਵਿਗੜਦਾ ਜਾ ਰਿਹਾ ਹੈ ਜਦਕਿ ਕਿਸਾਨ ਅੰਨਦਾਤਾ ਤੇ ਉਨ੍ਹਾਂ ਨੂੰ ਦਲਾਲ ਕਹਿਣਾ ਗ਼ਲਤ ਗੱਲ ਹੈ। ਉਨ੍ਹਾਂ ਕਿਹਾ ਕਿ ਸੱਚ ਕਹਿਣ ਕਰ ਕੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦੇਣ ਭਾਵੇਂ, ਉਹ ਸੱਚ ਜ਼ਰੂਰ ਬੋਲਣਗੇ।
ਜਿਆਣੀ ਨੇ ਕਿਸਾਨਾਂ ਦਾ ਪੱਖ ਪੂਰਦਿਆਂ ਕਿਹਾ ਕਿ ਕਿਸਾਨਾਂ ਦੇ ਗਿਲੇ ਸ਼ਿਕਵੇ ਅਪਣੀ ਜਗ੍ਹਾ ਸਹੀ ਹਨ ਇਸ ਲਈ ਜ਼ਿੰਮੇਵਾਰ ਆਗੂਆਂ ਨੂੰ ਉਨ੍ਹਾਂ ਨਾਲ ਸੁਖਾਵੇਂ ਮਾਹੌਲ 'ਚ ਗੱਲਬਾਤ ਕਰ ਲੈਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਆਗੂਆਂ ਵਲੋਂ ਸਮੇਂ ਸਿਰ ਕਿਸਾਨਾਂ ਨਾਲ ਗੱਲਬਾਤ ਕਰ ਲਈ ਹੁੰਦੀ ਤਾਂ ਸ਼ਾਇਦ ਅਜਿਹਾ ਮਾਹੌਲ ਹੀ ਪੈਦਾ ਨਹੀਂ ਹੋਣਾ ਸੀ।
ਜ਼ਿਕਰਯੋਗ ਹੈ ਕਿ ਜਦੋਂ ਦੇ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀਬਾੜੀ ਕਾਨੂੰਨ ਪਾਸ ਕੀਤੇ ਹਨ, ਉਦੋਂ ਤੋਂ ਭਾਜਪਾ ਦੇ ਕਈ ਆਗੂ ਪਾਰਟੀ ਦਾ ਸਾਥ ਛੱਡ ਚੁਕੇ ਹਨ। ਇਥੋਂ ਤਕ ਕਿ ਭਾਜਪਾ ਦਾ ਕਿਸਾਨ ਸੈੱਲ ਦਾ ਪ੍ਰਧਾਨ ਵੀ ਪਾਰਟੀ ਛੱਡ ਕੇ ਕਿਸਾimageਨਾਂ ਦੇ ਹੱਕ 'ਚ ਜਾ ਖੜਾ ਹੋਇਆ ਹੈ। ਜਿਆਣੀ ਦੇ ਇਸ ਬਿਆਨ ਤੋਂ ਜਾਪਦਾ ਹੈ ਕਿ ਉਹ ਵੀ ਇਨ੍ਹਾਂ ਕਾਨੂੰਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।