
ਇਸ ਵਾਰ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ।
ਚੰਡੀਗੜ੍ਹ: 1 ਦਸੰਬਰ 2022 ਤੋਂ 30 ਨਵੰਬਰ 2023 ਤੱਕ ਜੀ-20 ਦੀ ਪ੍ਰਧਾਨਗੀ ਭਾਰਤ ਸੰਭਾਲੇਗਾ ਅਤੇ ਇਸ ਦੌਰਾਨ ਦੇਸ਼ ਭਰ ਵਿਚ 200 ਤੋਂ ਵੱਧ ਮੀਟਿੰਗਾਂ ਦੀ ਹੋਣ ਦੀ ਉਮੀਦ ਹੈ। ਇਸ ਦੌਰਾਨ ਭਾਰਤ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਹ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ ਜਿਸ ਵਿਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ। ਇਸ ਕਾਨਫਰੰਸ ਵਿਚ ਅੰਤਰਰਾਸ਼ਟਰੀ ਆਰਥਿਕ ਸਹਿਯੋਗ, ਜਿਵੇਂ ਕਿ ਅੱਤਵਾਦ, ਮਨੁੱਖੀ ਤਸਕਰੀ, ਗਲੋਬਲ ਵਾਰਮਿੰਗ ਆਦਿ ਸਮੇਤ ਸਾਰੇ ਮੁੱਦਿਆਂ ਦੇ ਹੱਲ 'ਤੇ ਗਲੋਬਲ ਰਾਏ ਬਣਾਈ ਜਾਂਦੀ ਹੈ।
ਜੀ-20 ਸੰਮੇਲਨ ਲਈ ਸਬ ਕੈਬਨਿਟ ਕਮੇਟੀ ਦਾ ਗਠਨ
ਪੰਜਾਬ ਸਰਕਾਰ ਵਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਮੌਕੇ ਪੰਜਾਬ ਨੂੰ ਦੁਨੀਆਂ ਭਰ ਦੇ ਨਕਸ਼ੇ ਵਿਚ ਸੈਰ-ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ। ਇਸੇ ਮਕਸਦ ਨਾਲ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੀ ਪ੍ਰਧਾਨਗੀ ਹੇਠ ਇਕ ਸਬ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਸ਼ਾਮਲ ਹਨ।
G20 ਕੀ ਹੈ?
ਜੀ-20 ਵਿਚ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਾਲੇ 20 ਦੇਸ਼ ਸ਼ਾਮਲ ਹਨ। G20 ਗਲੋਬਲ ਜੀਡੀਪੀ ਦਾ 80 ਪ੍ਰਤੀਸ਼ਤ ਹੈ। ਵਿਸ਼ਵਵਿਆਪੀ ਕਾਰੋਬਾਰ ਦਾ 75 ਪ੍ਰਤੀਸ਼ਤ ਅਤੇ ਵਿਸ਼ਵ ਆਬਾਦੀ ਦਾ 60 ਪ੍ਰਤੀਸ਼ਤ ਹੈ। ਜੀ-20 ਦਾ ਗਠਨ 26 ਸਤੰਬਰ 1999 ਵਿਚ ਹੋਇਆ ਸੀ। ਇਸ ਗਰੁੱਪ ਵਿਚ 19 ਦੇਸ਼—ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫ਼ਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਕੋਰੀਆ, ਦੱਖਣੀ ਅਫ਼ਰੀਕਾ, ਤੁਰਕੀ, ਸੰਯੁਕਤ ਬਾਦਸ਼ਾਹੀ, ਸੰਯੁਕਤ ਰਾਜ ਅਤੇ ਯੂਰਪੀ ਸੰਘ (ਈਯੂ) ਸ਼ਾਮਲ ਹਨ।
ਅੰਮ੍ਰਿਤਸਰ ਵਿਚ ਜੀ-20 ਸੰਮੇਲਨ ਹੋਣ ਦਾ ਫਾਇਦਾ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿਖੇ ਹੋਣ ਵਾਲਾ ਜੀ-20 ਸੰਮੇਲਨ ਕੌਮਾਂਤਰੀ ਮੰਚ ’ਤੇ ਪੰਜਾਬ ਨੂੰ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਅਤੇ ਇਸ ਜ਼ਰੀਏ ਸਾਨੂੰ ਆਪਣੀਆਂ ਪ੍ਰਾਪਤੀਆਂ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਣ ਦਾ ਮੌਕਾ ਮਿਲੇਗਾ।
ਜੀ 20 ਸੰਮੇਲਨ ਦੇ 2 ਟ੍ਰੈਕਸ
ਜੀ 20 ਸੰਮੇਲਨ ਨੂੰ 2 ਟ੍ਰੈਕਸ ‘ਚ ਵੰਡਿਆ ਜਾਂਦਾ ਹੈ, ਪਹਿਲਾ ਟ੍ਰੈਕ ਫਾਈਨੈਂਸ ਟ੍ਰੈਕ ਹੁੰਦਾ ਹੈ, ਜਿਹੜਾ ਵਿੱਤੀ ਰੈਗੂਲੇਸ਼ਨ ਤੇ ਵਿੱਤੀ ਮੁੱਦੇ ਦੇ ਨਾਲ-ਨਾਲ ਕਰੰਸੀ ਤੇ ਕੇਂਦਰਿਤ ਹੁੰਦਾ ਹੈ, ਦੂਜਾ ਟ੍ਰੈਕ ਸ਼ੇਰਪਾ ਟ੍ਰੈਕ ਹੁੰਦਾ ਹੈ ਜਿਹੜਾ ਰਾਜਨੀਤੀ, ਭ੍ਰਿਸ਼ਟਾਚਾਰ ਦਾ ਵਿਰੋਧ ਤੇ ਊਰਜਾ ਜਿਹੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ। ਜੀ-20 ਸੰਮੇਲਨ ਦੇ ਦੌਰਾਨ ਭਾਰਤ ਮੈਂਬਰ ਮੁਲਕਾਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਹੈ ਕਿ 2047 ਤੱਕ ਇਹ ਵਿਕਸਿਤ ਦੇਸ਼ ਬਣਨ ਜਾ ਰਿਹਾ ਹੈ ਤੇ ਉਸ ਹਿਸਾਬ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ ਭਾਰਤ ‘ਚ ਨਿਵੇਸ਼ ਕਰਨ ਦੀ ਯੋਜਨਾ ਬਣਾ ਸਕਦੇ ਹਨ।