
ਸਪੈਸ਼ਲ ਇੰਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ
ਮੁਹਾਲੀ: ਗੈਂਗਸਟਰ ਦੀਪਕ ਟੀਨੂੰ ਜਿਸ ਨੇ ਪ੍ਰਸਿੱਧ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਕਾਨਸਪਰੇਟਰ ਦੀ ਭੂਮਿਕਾ ਨਿਭਾਈ ਸੀ, ਨੂੰ ਮਾਨਸਾ ਪੁਲਿਸ ਵੱਲੋਂ ਮੁੱਕਦਮਾ ਨੰਬਰ 218 ਮਿਤੀ 22.08.2019 ਅ/ਧ 302,34 ਹਿੰ:ਦੰ: ਥਾਣਾ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਿੱਚ ਮਿਤੀ 27.09.2022 ਨੂੰ ਪ੍ਰੋਫੈਕਸ਼ਨ ਵਾਰੰਟ 'ਤੇ ਸੈਂਟਰਲ ਜੇਲ੍ਹ, ਸ੍ਰੀ ਗੋਇੰਦਵਾਲ ਸਾਹਿਬ ਤੋਂ ਲਿਆ ਕੇ ਅਦਾਲਤ ਵਿਖੇ ਪੇਸ਼ ਕਰ ਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਇਸ ਨੂੰ ਪੁੱਛਗਿੱਛ ਲਈ ਸੀ.ਆਈ.ਏ. ਸਟਾਫ ਮਾਨਸਾ ਦੇ ਹਵਾਲਾਤ ਬੰਦ ਕਰਵਾਇਆ ਗਿਆ ਸੀ।
ਮਿਤੀ 01/02-10-2022 ਦੀ ਦਰਮਿਆਨੀ ਰਾਤ ਨੂੰ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ 5, ਪ੍ਰਿਤਪਾਲ ਸਿੰਘ ਮੁਲਜ਼ਮ ਦੀਪਕ ਊਰਫ ਟੀਨੂ ਨੂੰ ਸੀ.ਆਈ.ਏ.ਸਟਾਫ ਮਾਨਸਾ ਤੋਂ ਆਪਣੀ ਪ੍ਰਾਈਵੇਟ ਗੱਡੀ ਵਿੱਚ ਇਕੱਲਿਆ ਹੀ ਲੈ ਕੇ ਗਿਆ ਸੀ। ਮੁਲਜ਼ਮ ਦੀਪਕ ਉਰਫ ਟੀਨੂੰ ਉਕਤ ਐਸ.ਆਈ. ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀ ਹਿਰਾਸਤ ਵਿੱਚੋਂ ਭੱਜ ਗਿਆ ਸੀ।
ਗੈਂਗਸਟਰ ਦੀਪਕ ਟੀਨੂ ਨੂੰ ਪੁਲਿਸ ਕਸਟਡੀ 'ਚੋਂ ਭਜਾਉਣ ਵਾਲੇ ਗੈਂਗ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਪੁਲਿਸ ਨੇ ਪਹਿਲਾਂ ਹੀ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਸ਼ਾਮਲ 2 ਵਿਅਕਤੀ ਚਿਰਾਗ ਅਤੇ ਬਿੱਟੂ ਗੈਂਗਸਟਰ ਦੀਪਕ ਟੀਨੂੰ ਦੇ ਸਕੇ ਭਰਾ ਹਨ ਅਤੇ ਪੁਲਸ ਨੇ ਉਨ੍ਹਾਂ ਕੋਲੋਂ 4 ਵਿਦੇਸ਼ੀ ਪਿਸਤੌਲ ਜਿਨ੍ਹਾਂ ਵਿੱਚੋਂ 3 ਪਿਸਟਲ 32 ਬੋਰ ਤੇ ਇੱਕ 9MM ਤੋਂ ਇਲਾਵਾ 4 ਲੱਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਸਬੰਧੀ ਗੱਲ ਕਰਦਿਆਂ ਪਟਿਆਲਾ ਰੇਂਜ ਦੇ IG ਮਲਵਿੰਦਰ ਸਿੰਘ ਨੇ ਦੱਸਿਆ ਕਿ ਐੱਫ. ਆਈ. ਆਰ. ਤਹਿਤ ਇਸ ਮਾਮਲੇ 'ਚ 9 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 9 ਦੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚੋਂ 7 ਨੂੰ ਪੰਜਾਬ ਪੁਲਿਸ ਅਤੇ 2 ਨੂੰ ਦਿੱਲੀ ਸਪੈਸ਼ਲ ਸੈੱਲ ਵੱਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ SIT ਦਾ ਗਠਨ ਕੀਤਾ ਸੀ ਅਤੇ ਇਸ ਦੀ ਜ਼ਿੰਮੇਵਾਰੀ ਮੈਨੂੰ ਅਤੇ ਸੀਨੀਅਰ ਅਫ਼ਸਰਾਂ ਨੂੰ ਸੌਂਪੀ ਸੀ। ਸਾਡੀਆਂ ਵੱਖ-ਵੱਖ ਟੀਮਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਸਾਰੇ ਇਸ ਵੇਲੇ ਮੁਲਜ਼ਮ ਗ੍ਰਿਫ਼ਤ 'ਚ ਹਨ।
ਪਟਿਆਲਾ IG ਨੇ ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ਦਾ ਮਾਸਟਰਮਾਈਂਡ ਉਸ ਦੇ ਭਰਾ ਚਿਰਾਗ ਨੂੰ ਦੱਸਿਆ ਅਤੇ ਉਸ ਖ਼ਿਲਾਫ਼ ਠੋਸ ਸਬੂਤ ਹੋਣ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਗੈਂਗਸਟਰ ਦੀਪਕ ਟੀਨੂੰ ਦੇਸ਼ ਛੱਡਣ ਦੀ ਫਿਰਾਕ 'ਚ ਸੀ ਪਰ ਕੇਂਦਰੀ ਏਜੰਸੀਆਂ ਨੇ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ।
ਸਪੈਸ਼ਲ ਇੰਵੈਸਟੀਗੇਸ਼ਨ ਟੀਮ (ਸਿੱਟ) ਵੱਲੋਂ ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ। ਤਫਤੀਸ ਦੌਰਾਨ ਹਰ ਪਹਿਲੂ ਨੂੰ ਘੋਖ ਕੇ ਤਫਤੀਸ ਦੀ ਜੜ੍ਹ ਤੱਕ ਪਹੁੰਚ ਕੇ ਹੋਰ ਸਹਾਦਤ ਇਕੱਠੀ ਕਰਕੇ ਜਲਦ ਅਦਾਲਤ 'ਚ ਚਲਾਨ ਪੇਸ਼ ਕੀਤਾ ਜਾਵੇਗਾ।