
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਕਨ ਦਿੱਲੀ ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਲਲਿਤ ਮਾਕਨ ਦੇ ਭਤੀਜੇ ਹਨ।
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਵਾਸਤੇ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਅਜੈ ਮਾਕਨ ਨੂੰ ਬਣਾਏ ਜਾਣ ਦੀ ਨਿੰਦਾ ਕੀਤੀ ਹੈ। ਇੱਥੇ ਜਾਰੀ ਇਕ ਬਿਆਨ ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਕਨ ਦਿੱਲੀ ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਲਲਿਤ ਮਾਕਨ ਦੇ ਭਤੀਜੇ ਹਨ। ਇਸ ਜ਼ਿੰਮੇਵਾਰੀ ਲਈ ਕਾਂਗਰਸ ਵੱਲੋਂ ਮਾਕਨ ਨੂੰ ਚੁਣਨ ਤੋਂ ਵੱਡਾ ਗ਼ਲਤ ਫ਼ੈਸਲਾ ਕੁਝ ਹੋਰ ਨਹੀਂ ਹੋ ਸਕਦਾ ਸੀ। ਅਜਿਹੇ ਵਿਚ ਇਕ ਪਾਸੇ ਜਿਥੇ ਕੇਂਦਰ ਸਰਕਾਰ ਇਕ ਗੁਨਾਹਗਾਰ ਸੱਜਣ ਕੁਮਾਰ ਨੂੰ ਸਜ਼ਾ ਦੇਣ ਵੱਲ ਵਧ ਰਹੀ ਹੈ, ਤਾਂ ਦੂਜੇ ਧਿਰ ਕਾਂਗਰਸ ਮਾਕਨਾਂ ਨੂੰ ਪੁਰਸਕਾਰ ਦੇ ਰਹੀ ਹੈ ਅਤੇ ਉਹ ਵੀ ਪੰਜਾਬ ਲਈ, ਜਿੱਥੇ ਜੋ ਪੰਜਾਬੀਆਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦੇ ਸਮਾਨ ਹੈ।
Captain Amarinder Singh
ਸਾਬਕਾ ਮੁੱਖ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਾਕਨ ਵਰਗੇ ਵਿਅਕਤੀ ਦਾ ਨਾਮ ਅੱਗੇ ਵਧਾਉਣ ਤੋਂ ਬਚਣਾ ਚਾਹੀਦਾ ਸੀ, ਜੋ ਉਨ੍ਹਾਂ ਦੇ ਚਾਚਾ ਦੇ ਸਿੱਖ ਵਿਰੋਧੀ ਕਤਲੇਆਮ ਚ ਸ਼ਾਮਲ ਹੋਣ ਕਾਰਨ ਪੰਜਾਬ ਵਿੱਚ ਬਗ਼ਾਵਤ ਦਾ ਕਾਰਨ ਬਣ ਸਕਦਾ ਹੈ, ਜਦੋਂ ਬੇਕਸੂਰ ਲੋਕਾਂ ਨੂੰ ਜ਼ਿੰਦਾ ਸਾੜ ਤਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮਾਕਨ ਸਕ੍ਰੀਨਿੰਗ ਕਮੇਟੀ ਦੇ ਮੁਖੀ ਬਣਨ ਲਈ ਕਾਬਿਲ ਵਿਅਕਤੀ ਵੀ ਨਹੀਂ ਹਨ, ਜਿਸ ਵਿੱਚ ਸ੍ਰੀਮਤੀ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਵਰਗੇ ਸੀਨੀਅਰ ਆਗੂਆਂ ਨੂੰ ਉਨ੍ਹਾਂ ਦੇ ਅਧੀਨ ਰੱਖਿਆ ਗਿਆ ਹੈ।
Ajay Maken
ਉਨ੍ਹਾਂ ਨੇ ਕਿਹਾ ਕਿ ਮਾਕਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਚ ਪਾਰਟੀ ਨੂੰ ਲਗਾਤਾਰ ਦੋ ਵੱਡੀਆਂ ਹਾਰਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿਸ ਵਿਅਕਤੀ ਨੇ ਦਿੱਲੀ ਚ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ ਹੈ, ਹੁਣ ਉਸਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ਵਿੱਚ ਕੋਈ ਵੀ ਸੂਬੇ ਅੰਦਰ ਪਾਰਟੀ ਦੇ ਭਵਿੱਖ ਦਾ ਅੰਦਾਜ਼ਾ ਲਗਾ ਸਕਦਾ ਹੈ।
Captain Amarinder Singh
ਕੈਪਟਨ ਅਮਰਿੰਦਰ ਨੇ ਕਿਹਾ ਕਿ ਦਿੱਲੀ ਚ 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਲਈ ਕੋਈ ਵੀ ਸੀਟ ਸੁਨਿਸ਼ਚਤ ਨਾ ਕਰਨ ਵਾਲੇ ਵਿਅਕਤੀ ਨੂੰ ਪੰਜਾਬ ਭੇਜਿਆ ਗਿਆ ਹੈ, ਤਾਂ ਜੋ ਇੱਥੇ ਵੀ ਉਸੇ ਪ੍ਰਾਪਤੀ ਨੂੰ ਹਾਸਲ ਕੀਤਾ ਜਾ ਸਕੇ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਪਣੀ ਹਾਰ ਨੂੰ ਕਬੂਲ ਕਰ ਲਿਆ ਹੈ, ਜਿਸਨੇ ਇਕ ਅਜਿਹੇ ਵਿਅਕਤੀ ਨੂੰ ਨਿਯੁਕਤ ਕੀਤਾ ਹੈ, ਜਿਹੜਾ 2014 ਅਤੇ 2019 ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਹਾਰ ਚੁੱਕਾ ਹੈ ਤੇ ਵਿਧਾਨ ਸਭਾ ਚੋਣ ਚ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ।