
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਦੂਸ਼ਣ ਫੈਲਾਅ ਰਹੇ ਇੱਟਾਂ ਵਾਲੇ ਭੱਠਿਆਂ 'ਤੇ ਸਖ਼ਤੀ ਦਿਖਾਉਂਦਿਆਂ ਉਨ੍ਹਾਂ ਨੂੰ ਬੰਦ ਕਰਵਾ ਦਿਤਾ ਹੈ, ਪਰ ਕੀ ਸੜਕਾਂ ਦੇ ਕਿਨਾਰੇ...
ਚੰਡੀਗੜ੍ਹ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਦੂਸ਼ਣ ਫੈਲਾਅ ਰਹੇ ਇੱਟਾਂ ਵਾਲੇ ਭੱਠਿਆਂ 'ਤੇ ਸਖ਼ਤੀ ਦਿਖਾਉਂਦਿਆਂ ਉਨ੍ਹਾਂ ਨੂੰ ਬੰਦ ਕਰਵਾ ਦਿਤਾ ਹੈ, ਪਰ ਕੀ ਸੜਕਾਂ ਦੇ ਕਿਨਾਰੇ ਲੱਗੀਆਂ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਦਾ ਧੂੰਆਂ ਪ੍ਰਦੂਸ਼ਣ ਨਹੀਂ ਫੈਲਾਅ ਰਿਹਾ, ਕੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਇਹ ਘੁਲਾੜੀਆਂ ਨਜ਼ਰ ਨਹੀਂ ਆਉਂਦੀਆਂ? ਬਨੂੜ ਤੋਂ ਰਾਜਪੁਰਾ ਅਤੇ ਲਾਂਡਰਾਂ ਤੋਂ ਸਰਹਿੰਦ ਵੱਲ ਨੂੰ ਜਾਂਦੇ ਕੌਮੀ ਮਾਰਗਾਂ ਕਿਨਾਰੇ ਅਨੇਕਾਂ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਲੱਗੀਆਂ ਹੋਈਆਂ ਹਨ, ਜੋ ਵਿਭਾਗੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ।
ਜਿਨ੍ਹਾਂ ਤੋਂ ਰੋਜ਼ਾਨਾ ਸੈਂਕੜੇ ਗਾਹਕ ਗੁੜ, ਟਿੱਕੀਆਂ ਅਤੇ ਸ਼ੱਕਰ ਖ਼ਰੀਦਦੇ ਹਨ। ਜਾਣਕਾਰੀ ਅਨੁਸਾਰ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਘੁਲਾੜੀਆਂ ਦੀਆਂ ਚਿਮਨੀਆਂ ਦੀ ਘੱਟੋ-ਘੱਟ ਵੀਹ ਫੁੱਟ ਉਚਾਈ ਤੈਅ ਕੀਤੀ ਹੋਈ ਹੈ। ਵਿਭਾਗ ਵਲੋਂ ਘੁਲਾੜੀਆਂ ਨੂੰ ਟੀਨ ਦੀਆਂ ਉੱਚੀਆਂ ਚਿਮਨੀਆਂ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਭਾਵੇਂ ਕਿ ਕੁੱਝ ਘੁਲਾੜੀ ਵਾਲਿਆਂ ਵਲੋਂ ਇਨ੍ਹਾਂ ਨਿਯਮਾਂ ਦਾ ਪਾਲਣ ਕਰ ਰਹੀਆਂ ਹਨ ਪਰ ਜ਼ਿਆਦਾਤਰ ਘੁਲਾੜੀਆਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ, ਜਿਸ ਕਾਰਨ ਚਿਮਨੀਆਂ 'ਚੋਂ ਨਿਕਲਦਾ ਧੂੰਆਂ ਜਿੱਥੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈਂਦਾ ਹੈ।
ਉਥੇ ਹੀ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਦੇ ਨਾਲ ਹੀ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਸੜਕਾਂ ਕਿਨਾਰੇ ਲੱਗੀਆਂ ਘੁਲਾੜੀਆਂ 'ਤੇ ਬਣਾਏ ਜਾਣ ਵਾਲੇ ਗੁੜ ਅਤੇ ਸ਼ੱਕਰ ਨੂੰ ਧੂੜ ਤੋਂ ਬਚਾਉਣ ਲਈ ਇਨ੍ਹਾਂ ਨੂੰ ਸ਼ੋਅ ਪੀਸਾਂ ਵਿਚ ਰੱਖ ਕੇ ਵੇਚਣ ਦੀਆਂ ਹਦਾਇਤਾਂ ਵੀ ਕੀਤੀਆਂ ਹੋਈਆਂ ਹਨ ਪਰ ਘੁਲਾੜੀ ਵਾਲਿਆਂ ਵਲੋਂ ਇਨ੍ਹਾਂ ਹਦਾਇਤਾਂ ਨੂੰ ਵੀ ਅਣਦੇਖਿਆ ਕੀਤਾ ਜਾ ਰਿਹਾ ਹੈ। ਕਈ ਥਾਵਾਂ 'ਤੇ ਤਾਂ ਇਨ੍ਹਾਂ ਪਦਾਰਥਾਂ ਨੂੰ ਮਹਿਜ਼ ਇਕ ਛੋਟੇ-ਮੋਟੇ ਕੱਪੜੇ ਨਾਲ ਢਕ ਕੇ ਬੁੱਤਾ ਸਾਰਿਆ ਜਾ ਰਿਹਾ ਹੈ ਪਰ ਬਹੁਤੀਆਂ ਥਾਵਾਂ 'ਤੇ ਗੁੜ-ਸ਼ੱਕਰ ਖੁੱਲ੍ਹੇ ਵਿਚ ਮੰਜਿਆਂ ਅਤੇ ਮੇਜ਼ਾਂ 'ਤੇ ਰੱਖ ਕੇ ਵੀ ਵੇਚੇ ਜਾ ਰਹੇ ਹਨ।
ਉਧਰ ਘੁਲਾੜੀਆਂ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਭਾਗ ਦੀਆਂ ਉਕਤ ਹਦਾਇਤਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਜਦਕਿ ਕਈਆਂ ਦਾ ਕਹਿਣਾ ਹੈ ਕਿ ਚਿਮਨੀਆਂ ਅਤੇ ਸ਼ੋਅ-ਪੀਸਾਂ 'ਤੇ ਹੁੰਦਾ ਖਰਚ ਉਨ੍ਹਾਂ ਦੇ ਵਿੱਤੋਂ ਬਾਹਰ ਹੈ, ਪਰ ਧੂੰਏਂ ਤੋਂ ਪਰੇਸ਼ਾਨ ਲੋਕਾਂ ਦੀ ਮੰਗ ਹੈ ਕਿ ਘੁਲਾੜੀ ਵਾਲਿਆਂ ਕੋਲੋਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਇਨ੍ਹਾਂ ਵਲੋਂ ਤਿਆਰ ਕੀਤੇ ਉਤਪਾਦਾਂ ਦੇ ਮਿਆਰ ਦੀ ਵੀ ਜਾਂਚ ਕੀਤੀ ਜਾਵੇ। ਭਾਵੇਂ ਕਿ ਜ਼ਿਲ੍ਹਾ ਸਿਹਤ ਅਫ਼ਸਰ ਨੇ ਇਸ ਸਬੰਧੀ ਸਖ਼ਤੀ ਵਰਤੇ ਜਾਣ ਦੀ ਗੱਲ ਆਖੀ ਹੈ ਪਰ ਦੇਖਣਾ ਹੋਵੇਗਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਘੁਲਾੜੀਆਂ 'ਤੇ ਇਸ ਸਖ਼ਤੀ ਦਾ ਅਸਰ ਕਦੋਂ ਨਜ਼ਰ ਆਉਂਦਾ ਹੈ?