
ਜੋੜੇ ਝਾੜਨ, ਬਰਤਨ ਸਾਫ਼ ਕਰਨ ਤੇ ਕੀਰਤਨ ਸਰਵਣ ਕਰਨ ਦੀ ਲਗਾਈ ਤਨਖ਼ਾਹ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਠੇਕੇ ਤੋਂ ਸ਼ਰਾਬ ਦੀ ਬੋਤਲ ਖ਼ਰੀਦਣ ਵਾਲੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਬਾਦਲ ਨਾਲ ਸਬੰਧਤ ਮੈਂਬਰ ਭਾਈ ਪਰਮਜੀਤ ਸਿੰਘ ਚੰਢੋਕ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਨਖ਼ਾਹ ਲਗਾਈ ਤੇ ਚੰਡੋਕ ਨੂੰ ਅਕਾਲ ਤਖ਼ਤ ਦੇ ਸਨਮੁੱਖ ਗਲ ਵਿਚ ਪੱਲਾ ਪਾ ਕੇ ਖੜੇ ਕੀਤਾ ਗਿਆ।
Giani Harpreet Singh
ਕੁੱਝ ਦਿਨ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਪਰਮਜੀਤ ਸਿੰਘ ਚੰਢੋਕ ਦੀ ਵੀਡੀਉ ਚਰਚਿਤ ਹੋਈ ਸੀ ਕਿ ਉਹ ਸ਼ਰਾਬ ਦੇ ਠੇਕੇ ਤਂੋ ਸ਼ਰਾਬ ਦੀ ਬੋਤਲ ਖ਼ਰੀਦ ਰਹੇ ਹਨ ਤੇ ਸੋਸ਼ਲ ਮੀਡੀਏ 'ਤੇ ਇਹ ਵੀ ਚਰਚਾ ਕੀਤੀ ਗਈ ਸੀ ਕਿ ਉਨ੍ਹਾਂ ਦੀ ਗੱਡੀ ਵਿਚ ਇਕ ਔਰਤ ਵੀ ਬੈਠੀ ਸੀ ਪਰ ਇਸ ਦੀ ਪੁਸ਼ਟੀ ਅਕਾਲ ਤਖ਼ਤ ਸਾਹਿਬ ਨੇ ਨਹੀਂ ਕੀਤੀ।
DSGMC
ਮੀਡੀਆ ਵਿਚ ਰੌਲਾ ਰੱਪਾ ਪੈਣ ਉਪਰੰਤ ਭਾਈ ਚੰਢੋਕ ਕੋਲ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਖ਼ਿਮਾ ਯਾਚਨਾ ਤੋਂ ਸਿਵਾਏ ਹੋਰ ਕੋਈ ਰਸਤਾ ਨਹੀਂ ਰਹਿ ਗਿਆ ਸੀ ਭਾਵੇਂ ਕਿ ਚੰਢੋਕ ਨੇ ਅਕਾਲ ਤਖ਼ਤ ਸਾਹਿਬ 'ਤੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਰਾਬ ਖ਼ਰੀਦੀ ਜ਼ਰੂਰ ਪਰ ਪੀਤੀ ਨਹੀਂ ਜਦਕਿ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਇਕ ਮੈਂਬਰ ਲਈ ਸ਼ਰਾਬ ਖ਼ਰੀਦਣਾ ਵੀ ਉਨਾ ਹੀ ਜ਼ੁਰਮ ਹੈ ਜਿੰਨਾ ਪੀਣਾ ਜੁਰਮ ਹੈ।
Akal Takht
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 'ਜਥੇਦਾਰਾਂ' ਦੀ ਹੋਈ ਮੀਟਿੰਗ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵਿਚੋਂ ਭਾਈ ਸੁਖਜਿੰਦਰ ਸਿੰਘ, ਭਾਈ ਦਿਲਬਾਗ ਸਿੰਘ ਅਤੇ ਭਾਈ ਰਛਪਾਲ ਸਿੰਘ ਨੇ ਸ਼ਮੂਲੀਅਤ ਕੀਤੀ।
ANANDPUR SAHIB
ਚੰਡੋਕ ਨੇ ਪੰਜ ਜਥੇਦਾਰਾਂ ਦੇ ਅੱਗੇ ਪੇਸ਼ ਹੋ ਕੇ ਅਪਣੀ ਗ਼ਲਤੀ ਕਬੂਲੀ ਤੇ ਉਪਰੰਤ ਵਿਚਾਰ ਚਰਚਾ ਕਰ ਕੇ ਉਸ ਨੂੰ ਗਲ ਵਿਚ ਪੱਲਾ ਪਾ ਕੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜਾ ਕਰ ਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਤਖ਼ਤ ਦੀ ਫਸੀਲ ਤੋਂ ਮਰਿਆਦਾ ਅਨੁਸਾਰ ਤਨਖ਼ਾਹ ਸੁਣਾਈ।
ਤਿੰਨ ਦਿਨ ਦਿੱਲੀ ਸਥਿਤ ਗੁਰਦਵਾਰਾ ਬੰਗਲਾ ਸਾਹਿਬ, ਤਿੰਨ ਦਿਨ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਇਕ ਇਕ ਘੰਟਾ ਸੰਗਤਾਂ ਦੇ ਜੋੜੇ ਝਾੜਨ, ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਨ ਤੇ ਕੀਤਰਨ ਸਰਵਣ ਕਰਨ ਦੀ ਤਨਖ਼ਾਹ ਲਗਾਈ ਜਿਸ ਨੂੰ ਚੰਢੋਕ ਨੇ ਇਕ ਨਿਮਾਣੇ ਸਿੱਖ ਵਜੋਂ ਕਬੂਲ ਕੀਤਾ।
Gurudwara Bangla Sahib
ਇਸੇ ਤਰ੍ਹਾਂ ਲੱਗੀ ਤਨਖ਼ਾਹ ਪੂਰੀ ਕਰਨ ਉਪਰੰਤ ਚੰਢੋਕ ਨੂੰ ਇਕ ਅਖੰਡ ਪਾਠ ਕਰਾਉਣ ਤੇ ਉਪਰੰਤ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਖਿਮਾ ਯਾਚਣਾ ਦੀ ਅਰਦਾਸ ਕਰਾਉਣ ਦੇ ਵੀ ਆਦੇਸ਼ ਜਾਰੀ ਕੀਤੇ। ਚੰਢੋਕ ਨੇ ਮੰਨਿਆ ਕਿ ਉਸ ਨੇ ਗ਼ਲਤੀ ਕੀਤੀ ਹੈ ਤੇ ਉਹ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰੇਗਾ।
Manjinder singh sirsa
ਦਿੱਲੀ ਕਮੇਟੀ ਜਿਹੜੀ ਅਕਸਰ ਹੀ ਚਰਚਾ ਵਿਚ ਰਹਿੰਦੀ ਹੈ ਤੇ ਇਸ ਦੇ ਜਨਰਲ ਮੈਨੇਜਰ ਤੇ ਇਕ ਮਹਿਲਾ ਕਰਮਚਾਰੀ ਨੇ ਸੈਕੂਅਲ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਵੀ ਇਕ ਮੈਂਬਰ 'ਤੇ ਇਕ ਮਹਿਲਾ ਨਾਲ ਬਦਤਮੀਜ਼ੀ ਦੇ ਦੋਸ਼ ਲੱਗੇ ਸਨ ਤੇ ਪੁਲਿਸ ਕੇਸ ਵੀ ਬਣਿਆ ਸੀ।
ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ 'ਤੇ ਵੀ ਦਾਹੜੀ ਰੰਗਣ ਤੇ ਇਕ ਅਧਿਕਾਰੀ ਨੂੰ ਗੰਦੀਆਂ ਤੇ ਅਸ਼ਲੀਲ ਗਾਲਾਂ ਕੱਢਣ ਦੇ ਵੀ ਦੋਸ਼ ਹਨ ਤੇ ਇਸ ਸਬੰਧ ਵਿਚ ਇਕ ਆਡੀਉ ਵੀ ਜਾਰੀ ਹੋਈ ਸੀ ਪਰ ਹਾਲੇ ਤਕ ਉਸ ਦੀ ਪੁਸ਼ਟੀ ਨਹੀਂ ਹੋ ਸਕੀ।