
CM ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ ਜਿਸ ਦੇ ਪ੍ਰੋਗਰਾਮ ਸਾਲ ਭਰ ਚੱਲਣਗੇ। ਅਗਲੇ ਸਾਲ 18 ਅਪਰੈਲ 2021 ਨੂੰ 400ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਪੰਜਾਬ ਸਰਕਾਰ ਇਸ ਸਾਲ 12 ਅਪਰੈਲ ਨੂੰ 399ਵੇਂ ਪ੍ਰਕਾਸ਼ ਪੁਰਬ ਮੌਕੇ ਵੱਡਾ ਸਮਾਗਮ ਕਰਵਾ ਕੇ ਸਾਲ ਭਰ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਆਰੰਭ ਕਰੇਗੀ।
File Photo
ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸਰਕਾਰੀ ਰਿਹਾਇਸ਼ ਵਿਖੇ ਉਚ ਪਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੈਰ ਸਪਾਟਾ 'ਤੇ ਸਭਿਆਚਾਰਕ ਮਾਮਲੇ ਵਿਭਾਗ 399ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਕਸਬਾ ਬਾਬਾ ਬਕਾਲਾ ਵਿਖੇ ਵੱਡਾ ਸਮਾਗਮ ਉਲੀਕ ਕੇ ਸਾਲ ਭਰ ਦੇ ਸਮਾਗਮਾਂ ਦੀ ਸ਼ੁਰੂਆਤ ਕਰੇਗਾ ਜਿਨ੍ਹਾਂ ਦੀ ਸਮਾਪਤੀ 18 ਅਪਰੈਲ 2021 ਨੂੰ 400ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।
File Photo
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਲੋਂ ਧਰਮ, ਸਚਾਈ ਅਤੇ ਵਿਸ਼ਵਾਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਦਿਤੀ ਲਾਸਾਨੀ ਤੇ ਮਹਾਨ ਕੁਰਬਾਨੀ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਗੁਰੂ ਜੀ ਦੀਆਂ ਸਿਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ 'ਤੇ ਪਹੁੰਚਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ (1 ਅਪਰੈਲ 1621-11 ਨਵੰਬਰ 1675) ਨੇ ਹਿੰਦੂਆਂ/ਕਸ਼ਮੀਰੀ ਪੰਡਿਤਾਂ 'ਤੇ ਗੈਰ ਮੁਸਲਮਾਨਾਂ ਦੇ ਜਬਰਦਸਤੀ ਇਸਲਾਮ ਧਰਮ ਵਿਚ ਬਦਲਣ ਦਾ ਵਿਰੋਧ ਕੀਤਾ ਅਤੇ ਗੁਰੂ ਜੀ ਨੂੰ 1675 ਵਿਚ ਮੁਗਲ ਬਾਦਸ਼ਾਹ ਦੇ ਆਦੇਸ਼ਾਂ 'ਤੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿਤਾ ਸੀ।
File Photo
ਮੁੱਖ ਮੰਤਰੀ ਨੇ ਇਸ ਮੌਕੇ ਅਪਣੀ ਪ੍ਰਧਾਨਗੀ ਵਿਚ ਕਾਰਜਕਾਰੀ ਕਮੇਟੀ ਬਣਾਉਣ ਦੀ ਵੀ ਪ੍ਰਵਾਨਗੀ ਦਿਤੀ ਜੋ ਕਿ ਸਮਾਗਮਾਂ ਦੇ ਵਿਆਪਕ ਰੂਪਾਂ ਨੂੰ ਅੰਤਮ ਰੂਪ ਦੇਵੇਗੀ। ਇਸ ਤੋਂ ਇਲਾਵਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਫ਼ੈਲਾਉਣ ਲਈ ਵੱਖ-ਵੱਖ ਵਿਭਾਗਾਂ ਵਲੋਂ ਸਾਲ ਭਰ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਖਾਕਾ ਉਲੀਕਣ ਅਤੇ ਤਾਲਮੇਲ ਬਿਠਾਉਣ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਸਟੀਅਰਿੰਗ ਕਮੇਟੀ ਬਣਾਉਣ ਦੀ ਵੀ ਪ੍ਰਵਾਨਗੀ ਦਿਤੀ।