
ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।
ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਇਕ ਪੜਾਅ ਵਿਚ ਹੋਣਗੀਆਂ। ਪੰਜ ਸੂਬਿਆਂ ਵਿਚ 7 ਪੜਾਵਾਂ ਤਹਿਤ ਚੋਣਾਂ ਹੋਣਗੀਆਂ। ਦੂਜੇ ਪੜਾਅ ਵਿਚ ਪੰਜਾਬ ਵਿਚ ਚੋਣਾਂ ਲਈ ਨੋਟੀਫਿਕੇਸ਼ਨ 21 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ।
ਉਮੀਦਵਾਰ 28 ਜਨਵਰੀ ਤੱਕ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 29 ਜਨਵਰੀ ਨੂੰ ਹੋਵੇਗੀ। 31 ਜਨਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
ਪ੍ਰੈੱਸ ਕਾਨਫਰੰਸ ਦੌਰਾਨ ਚੋਣਾਂ ਅਤੇ ਚੋਣ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਨੇ ਕਿਹਾ ਓਮੀਕਰੋਨ ਵੇਰੀਐਂਟ ਦੇ ਮੱਦੇਨਜ਼ਰ ਕੋਰੋਨਾ ਮਾਮਲੇ ਵਧਣ ਕਾਰਨ ਭਾਰਤੀ ਚੋਣ ਕਮਿਸ਼ਨ ਨੇ ਕੇਂਦਰੀ ਸਿਹਤ ਸਕੱਤਰ ਅਤੇ ਗ੍ਰਹਿ ਸਕੱਤਰ, ਮਾਹਰਾਂ ਅਤੇ ਸੂਬਿਆਂ ਦੇ ਸਿਹਤ ਸਕੱਤਰਾਂ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨਾਲ ਵਿਚਾਰਾਂ ਅਤੇ ਜ਼ਮੀਨੀ ਸਥਿਤੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਸੁਰੱਖਿਆ ਤਹਿਤ ਚੋਣਾਂ ਦਾ ਐਲਾਨ ਕਰਨ ਦਾ ਫੈਸਲਾ ਕੀਤਾ। ਚੋਣਾਂ ਕੋਵਿਡ ਪ੍ਰੋਟੋਕਾਲ ਤਹਿਤ ਕਰਵਾਈਆਂ ਜਾਣਗੀਆਂ।
ਪੰਜਾਬ ਵਿਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 17 ਮਾਰਚ 2022 ਨੂੰ ਖਤਮ ਹੋ ਰਿਹਾ ਹੈ। ਪੰਜਾਬ ਚੋਣਾਂ ਵਿਚ ਇਸ ਵਾਰ ਮੁੱਖ ਤੌਰ ’ਤੇ ਚਾਰ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਸਰਗਰਮ ਹਨ। ਚੋਣ ਮੈਦਾਨ ਵਿਚ ਮੁਕਾਬਲਾ ਇਹਨਾਂ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਹੋਵੇਗਾ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਵੱਖਰਾ ਮੋਰਚਾ ਬਣਾ ਕੇ ਚੋਣਾਂ ਵਿਚ ਉਤਰਨ ਦੀ ਤਿਆਰੀ ਕਰ ਲਈ ਹੈ।