''ਜਿਸ ਨੂੰ ਫਰਜ਼ਾਂ ਨਾਲੋਂ ਜ਼ਿਆਦਾ ਜਾਨ ਦੀ ਫ਼ਿਕਰ ਹੋਵੇ, ਉਸ ਨੂੰ ਭਾਰਤ ਵਰਗੇ ਦੇਸ਼ 'ਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ''
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਲਾਪਰਵਾਹੀ ਦੇ ਮਾਮਲੇ 'ਚ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਨੇ ਭਾਜਪਾ ਦੇ ਆਦਰਸ਼ ਪੁਰਸ਼ ਅਤੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਇਕ ਕਥਨ ਦਾ ਹਵਾਲਾ ਦਿੰਦੇ ਹੋਏ ਕੇਂਦਰ ਦੀ ਸੱਤਾਧਾਰੀ ਪਾਰਟੀ 'ਤੇ ਹਮਲਾ ਬੋਲਿਆ ਹੈ।
ਮੁੱਖ ਮੰਤਰੀ ਚੰਨੀ ਨੇ ਆਜ਼ਾਦੀ ਘੁਲਾਟੀਏ ਸਰਦਾਰ ਪਟੇਲ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਜਿਸ ਨੂੰ ਫਰਜ਼ਾਂ ਨਾਲੋਂ ਜ਼ਿਆਦਾ ਜਾਨ ਦੀ ਫ਼ਿਕਰ ਹੋਵੇ, ਉਸ ਨੂੰ ਭਾਰਤ ਵਰਗੇ ਦੇਸ਼ 'ਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ!'' ਇਸ ਦੇ ਨਾਲ ਹੀ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਸਰਦਾਰ ਪਟੇਲ ਦੀ ਤਸਵੀਰ ਸਾਂਝੀ ਕਰਦਿਆਂ ਪੋਸਟ ਸਾਂਝੀ ਕੀਤੀ।
ਦੱਸ ਦੇਈਏ ਕਿ ਪੰਜਾਬ ਵਿਚ ਪ੍ਰਧਾਨ ਮੰਤਰੀ ਦੇ ਕਾਫਲੇ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਭਾਜਪਾ ਕਾਂਗਰਸ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡ ਰਹੀ, ਇਸ ਲਈ ਹੁਣ ਕਾਂਗਰਸ ਨੇ ਵੀ ਜਵਾਬੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ।


