
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਦੇ ਵਫ਼ਦ ਵੱਲੋਂ ਐਨਜੀਟੀ (ਰਾਸ਼ਟਰੀ ਗਰੀਨ ਟ੍ਰਿਬਿਊਨਲ) ਵਿਚ ਜਨਹਿਤ ਪਟੀਸ਼ਨ ਦਾਇਰ ਕਰਦਿਆਂ ਮੰਗ ਕੀਤੀ...
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਦੇ ਵਫ਼ਦ ਵੱਲੋਂ ਐਨਜੀਟੀ (ਰਾਸ਼ਟਰੀ ਗਰੀਨ ਟ੍ਰਿਬਿਊਨਲ) ਵਿਚ ਜਨਹਿਤ ਪਟੀਸ਼ਨ ਦਾਇਰ ਕਰਦਿਆਂ ਮੰਗ ਕੀਤੀ ਕਿ ਦਰਿਆਵਾਂ ਵਿਚ ਵਧਦੇ ਪ੍ਰਦੂਸ਼ਣ ਉੱਤੇ ਸੂਬਾ ਸਰਕਾਰ ਵੱਲੋਂ ਚੁੱਪ ਵਟਣ ਅਤੇ ਇਸ ਨੂੰ ਨਜ਼ਰਅੰਦਾਜ਼ ਕਰਨ ਕਰ ਕੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਵਫ਼ਦ ਦੀ ਅਗਵਾਈ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਜੈ ਕਿਸ਼ਨ ਸਿੰਘ ਰੌੜੀਂ ਵਿਧਾਇਕ ਗੜ੍ਹਸ਼ੰਕਰ ਨੇ ਕੀਤੀ।
AAP
ਪਟੀਸ਼ਨ ਦਾਇਰ ਕਰਨ ਉਪਰੰਤ ਸੰਧਵਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ ਅਤੇ ਪਿਛਲੇ ਦਿਨੀਂ ਇਸ ਸੰਬੰਧੀ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿਚ ਪਾਰਟੀ ਵਿਧਾਇਕਾਂ ਦਾ ਇੱਕ ਵਫ਼ਦ ਹਰੀਕੇ ਹੈੱਡ ਵਰਕਸ ਦਾ ਦੌਰਾ ਕਰ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈ ਚੁੱਕਿਆ ਹੈ। ਸੰਧਵਾਂ ਨੇ ਸਰਕਾਰੀ ਪ੍ਰਬੰਧਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੀ ਅਸੰਵੇਦਨਸ਼ੀਲਤਾ ਕਾਰਨ ਦਰਿਆਵਾਂ ਦੇ ਆਲੇ-ਦੁਆਲੇ ਦੀ ਆਬਾਦੀ ਦੂਸ਼ਿਤਪਾਣੀ ਪੀਣ ਲਈ ਮਜਬੂਰ ਹੈ।
Bhagwant Maan
ਜਿਸ ਕਾਰਨ ਉਹ ਕੈਂਸਰ, ਅਸਥਮਾ ਅਤੇ ਹੋਰ ਜਾਨਲੇਵਾ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸੰਧਵਾਂ ਨੇ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮੁੱਦੇ ਨੂੰ ਉਠਾਉਂਦੇ ਆਏ ਹਨ, ਪਰੰਤੂ ਇਸ ਸੰਬੰਧੀ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਰ ਕੇ ਇਹ ਸਮੱਸਿਆ ਜਿਉਂ ਦੀ ਤਿਉਂ ਖੜੀ ਹੈ। ਉਨ੍ਹਾਂ ਨੇ ਗੰਦੇ ਪਾਣੀ ਅਤੇ ਫ਼ੈਕਟਰੀਆਂ ਵਿਚ ਨਿਕਲਦੀ ਰਹਿੰਦ-ਖੂੰਹਦ ਦੇ ਦਰਿਆਵਾਂ ਵਿਚ ਮਿਲਣ ਅਤੇ ਉਸੇ ਪਾਣੀ ਨੂੰ ਪੀਣ ਲਈ ਵਰਤੋਂ ਵਿਚ ਲਿਆਉਣ ਸੰਬੰਧੀ ਸਰਕਾਰ ਵੱਲੋਂ ਕੋਈ ਠੋਸ ਕਦਮ ਚੁੱਕੇ ਜਾਣ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ।
NGT
ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਦਰਿਆਵਾਂ ਵਿਚ ਪ੍ਰਦੂਸ਼ਣ ਵਧਿਆ ਹੈ ਬਲਕਿ ਜਲ ਜੀਵਾਂ ਅਤੇ ਬਨਸਪਤੀ ਉੱਤੇ ਵੀ ਮਾੜਾ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ-ਵਾਰ ਮੁੱਦੇ ਚੁੱਕਣ ਤੋਂ ਬਾਅਦ ਵੀ ਕੈਪਟਨ ਸਰਕਾਰ ਦੇ ਕੰਨਾਂ ਤੋਂ ਜੂੰ ਨਹੀਂ ਸਰਕੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਦਰਿਆਵਾਂ ਦੇ ਪਾਣੀ ਨੂੰ ਜਹਿਰੀਲਾ ਬਣਾਉਣ ਵਾਲੇ ਫ਼ੈਕਟਰੀ ਮਾਲਕਾਂ ਨਾਲ ਮੌਜੂਦਾ ਸਰਕਾਰ ਦੀ ਮਿਲੀਭੁਗਤ ਹੈ, ਜਿਸ ਕਾਰਨ ਕੋਈ ਵੀ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
River Pollution
ਕਾਰਵਾਈ ਨਾ ਹੋਣ ਉਪਰੰਤ ਉਨ੍ਹਾਂ ਕੋਲ ਐਨਜੀਟੀ ਤੱਕ ਪਹੁੰਚ ਕੇ ਇਸ ਸੰਬੰਧੀ ਸਰਕਾਰ ਖ਼ਿਲਾਫ਼ ਪਟੀਸ਼ਨ ਦਾਇਰ ਕਰਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਬਚਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਿਹਤ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਮੁੱਦਾ ਹੈ ਅਤੇ ਪਾਰਟੀ ਇਸ ਕਾਰਜ ਲਈ ਹਮੇਸ਼ਾ ਸੰਘਰਸ਼ ਕਰਦੀ ਰਹੇਗੀ।