
ਵਿਧਾਇਕ ਰਾਜਾ ਵੜਿੰਗ ਦੇ ਸਾਲੇ ਉਪਰ ਆਤਮ ਹਤਿਆ ਲਈ ਮਜਬੂਰ ਕਰਨ ਦੇ ਜੁਰਮ ’ਚ ਮਾਮਲਾ ਦਰਜ
ਫ਼ਰੀਦਕੋਟ, 7 ਫ਼ਰਵਰੀ (ਗੁਰਿੰਦਰ ਸਿੰਘ): ਬੀਤੇ ਕਲ ਤੜਕਸਾਰ ਅਪਣੇ ਲਾਇਸੰਸੀ ਰਿਵਾਲਵਰ ਨਾਲ ਦੋ ਮਾਸੂਮ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖ਼ੁਦ ਆਤਮ ਹਤਿਆ ਕਰਨ ਦੇ ਇਕ ਕਾਰੋਬਾਰੀ ਦੇ ਪਰਵਾਰ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ ਸੀ ਜਿਸ ਵਿਚ ਸਿਟੀ ਥਾਣਾ ਫ਼ਰੀਦਕੋਟ ਦੀ ਪੁਲਿਸ ਨੇ ਕਤਲ, ਅਸਲਾ ਐਕਟ ਅਤੇ ਖ਼ੁਦਕੁਸ਼ੀ ਦੀਆਂ ਧਾਰਾਵਾਂ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿਚ ਪੁਲਿਸ ਨੇ ਅਪਣੇ ਮਾਸੂਮ ਬੱਚਿਆਂ ਦੇ ਗੋਲੀਆਂ ਮਾਰਨ ਦੇ ਦੋਸ਼ ਹੇਠ ਉਨ੍ਹਾਂ ਦੇ ਮਿ੍ਰਤਕ ਪਿਤਾ ਕਰਨ ਕਟਾਰੀਆ ਵਿਰੁਧ ਮਾਮਲਾ ਦਰਜ ਕੀਤਾ ਹੈ ਜਦਕਿ ਦੂਜੇ ਮਾਮਲੇ ਵਿਚ ਇਕ ਕਾਂਗਰਸੀ ਵਿਧਾਇਕ ਦੇ ਸਾਲੇ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ 306 ਵਿਚ ਨਾਮਜ਼ਦ ਕੀਤਾ ਗਿਆ ਹੈ।
ਮਿ੍ਰਤਕ ਦੇ ਭਰਾ ਅੰਕਿਤ ਕਟਾਰੀਆ ਵਲੋਂ ਪੁਲਿਸ ਨੂੰ ਦਿਤੇ ਬਿਆਨਾ ਮੁਤਾਬਕ ਉਹ ਅਪਣੇ ਭਰਾ ਨਾਲ ਠੇਕੇਦਾਰੀ ਦਾ ਕੰਮ ਕਰਦਾ ਸੀ, ਉਨ੍ਹਾਂ ਕੋਲ ਟਰੱਕ ਯੂਨੀਅਨ ਗਿੱਦੜਬਾਹਾ ਦੀਆਂ ਫ਼ਸਲਾਂ ਦੀ ਢੋਆ-ਢੁਆਈ ਦਾ ਕੰਮ ਠੇਕੇ ’ਤੇ ਸੀ ਜਿਸ ਵਿਚ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਦਾ ਸਾਲਾ ਡਿੰਪੀ ਵਿਨਾਇਕ ਵਾਸੀ ਸ੍ਰੀ ਮੁਕਤਸਰ ਸਾਹਿਬ ਸਾਰੇ ਕੰਮਾਂ ਵਿਚ ਦਖ਼ਲ ਅਤੇ ਉਗਰਾਹੀ ਦਾ ਕੰਮ ਕਰਦਾ ਸੀ। ਉਕਤ ਦਬਾਅ ਵਿਚ ਸੀਜਨ ਦੌਰਾਨ ਉਹ ਇਕ ਕਰੋੜ 22 ਲੱਖ ਰੁਪਏ ਨਕਦ ਲੈ ਗਿਆ, ਇਸੇ ਤਰ੍ਹਾਂ ਬਿਜਲੀ ਦੇ ਠੇਕਿਆਂ ਵਿਚੋਂ ਵੀ ਕਥਿਤ ਤੌਰ ’ਤੇ ਜ਼ਬਰਦਸਤੀ ਪੈਸੇ ਲੈਂਦਾ ਸੀ। ਸ਼ਿਕਾਇਤ ਕਰਤਾ ਮੁਤਾਬਕ ਉਸ ਦੇ ਵੱਡੇ ਭਰਾ ਕਰਨ ਕਟਾਰੀਆ ਨੇ ਕਈ ਵਾਰ ਡਿੰਪੀ ਵਿਨਾਇਕ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਕਹਿੰਦਾ ਕਿ ਸਾਡੀ ਸਿਆਸੀ ਪਹੁੰਚ ਹੋਣ ਕਰ ਕੇ ਤੂੰ ਕੁਝ ਵੀ ਨਹੀਂ ਵਿਗਾੜ ਸਕਦਾ।
ਅੰਕਿਤ ਕਟਾਰੀਆ ਨੇ ਦਸਿਆ ਕਿ 2-3 ਦਿਨ ਪਹਿਲਾਂ ਅਸੀਂ ਦੋਹਾਂ ਭਰਾਵਾਂ ਨੇ ਡਿੰਪੀ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਮੇਰੇ ਵੱਡੇ ਭਰਾ ਕਰਨ ਕਟਾਰੀਆ ਨੂੰ ਆਖਿਆ ਕਿ ਜੇਕਰ ਪ੍ਰੇਸ਼ਾਨ ਹੈ ਤਾਂ ਖ਼ੁਦਕੁਸ਼ੀ ਕਰ ਲੈ, ਇਸ ਨਾਲ ਕਰਨ ਹੋਰ ਪ੍ਰੇਸ਼ਾਨ ਰਹਿਣ ਲੱਗ ਪਿਆ। ਤਫ਼ਤੀਸ਼ੀ ਅਫ਼ਸਰ ਇੰਸ. ਗੁਰਵਿੰਦਰ ਸਿੰਘ ਐਸਐਚਓ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਡਿੰਪੀ ਵਿਨਾਇਕ ਵਿਰੁਧ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-7-3ਸੀ