
ਮਿਆਂਮਾਰ: ਫ਼ੌਜੀ ਤਖ਼ਤਾ ਪਲਟ ਵਿਰੁਧ ਯੰਗੂਨ ’ਚ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਫੜੇ ਹੋਏ ਸਨ ਪੋਸਟਰ
ਯਾਂਗੂਨ, 7 ਫ਼ਰਵਰੀ : ਮਿਆਂਮਾਰ ਦੇ ਸੱਭ ਤੋਂ ਵੱਡੇ ਸ਼ਹਿਰ ਯਾਂਗੂਨ ਵਿਚ ਫ਼ੌਜੀ ਤਖ਼ਤਾ ਪਲਟ ਵਿਰੁਧ ਐਤਵਾਰ ਨੂੰ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੇ ਚੋਟੀ ਦੇ ਨੇਤਾ ਆਂਗ ਸਾਨ ਸੂ ਕੀ ਦੀ ਰਿਹਾਈ ਦੀ ਮੰਗ ਕੀਤੀ, ਜਿਸ ਦੀ ਚੁਣੀ ਹੋਈ ਸਰਕਾਰ ਨੂੰ ਪਾਸੇ ਕਰ ਕੇ ਫ਼ੌਜ ਨੇ ਇੰਟਰਨੈੱਟ ਉੱਤੇ ਪਾਬੰਦੀ ਲਗਾ ਦਿਤੀ ਹੈ।
ਸੋਮਵਾਰ ਨੂੰ ਤਖ਼ਤਾਪਲਟ ਹੋਣ ਤੋਂ ਬਾਅਦ ਹੀ ਪ੍ਰਦਰਸ਼ਨਕਾਰੀਆਂ ਦੀ ਭੀੜ ਵਧਦੀ ਜਾ ਰਹੀ ਹੈ।
ਯਾਂਗੂਨ ਯੂਨੀਵਰਸਟੀ ਨੇੜੇ ਵੱਡੇ ਲਾਂਘੇ ’ਤੇ ਇਕੱਠੇ ਹੋਏ ਘੱਟੋ-ਘੱਟ 2,000 ਲੇਬਰ ਯੂਨੀਅਨ ਮੈਂਬਰਾਂ, ਵਿਦਿਆਰਥੀ ਕਾਰਕੁਨਾਂ ਅਤੇ ਆਮ ਲੋਕਾਂ ਨੇ ‘ਤੁਹਾਡੀ ਉਮਰ ਲੰਮੀ ਹੋਵੋ ਮਾਂ ਸੂ’ ਅਤੇ ‘ਫ਼ੌਜੀ ਤਾਨਾਸ਼ਾਹੀ ਖ਼ਤਮ ਕਰੋ’ ਦੇ ਨਾਹਰੇ ਲਗਾਏ। ਉਨ੍ਹਾਂ ਨੇ ਮੁੱਖ ਸੜਕ ਵਲ ਮਾਰਚ ਕੀਤਾ, ਜਿਸ ਨਾਲ ਆਵਾਜਾਈ ਪ੍ਰਭਾਵਤ ਹੋਈ। ਵਾਹਨ ਚਾਲਕਾਂ ਨੇ ਅਪਣੇ ਵਾਹਨਾਂ ਦੇ ਹਾਰਨ ਵਜਾ ਕੇ ਉਨ੍ਹਾਂ ਦਾ ਸਮਰਥਨ ਕੀਤਾ।
ਇਸ ਸਮੇਂ ਦੌਰਾਨ ਪੁਲਿਸ ਨੇ ਯੂਨੀਵਰਸਟੀ ਦੇ ਮੁੱਖ ਗੇਟ ਨੂੰ ਬੰਦ ਕਰ ਦਿਤਾ। ਇਸ ਤੋਂ ਇਲਾਵਾ, ਪਾਣੀ ਦੀਆਂ ਬੁਛਾੜਾਂ ਕਰਨ ਵਾਲੀਆਂ ਦੋ ਗੱਡੀਆਂ ਵੀ ਪਾਸ ਹੀ ਖੜੀਆਂ ਸਨ।
ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ ਅਤੇ ਸੂ ਕੀ ਅਤੇ ਰਾਸ਼ਟਰਪਤੀ ਵਿਨ ਮਿੰਤ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਗਈ ਸੀ, ਜਿਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਰਖਿਆ ਗਿਆ ਹੈ ਅਤੇ ਛੋਟੇ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ।
ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਨਵੇਂ ਮਿਲਟਰੀ ਸ਼ਾਸਨ ਨੇ ਜ਼ਿਆਦਾਤਰ ਥਾਵਾਂ ’ਤੇ ਇੰਟਰਨੈਟ ਬੰਦ ਕਰ ਦਿਤਾ ਸੀ। ਉਸ ਨੇ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਵੀ ਪਾਬੰਦੀ ਲਗਾ ਦਿਤੀ। ਇਸ ਹਫ਼ਤੇ ਦੇ ਸ਼ੁਰੂ ਵਿਚ ਫੇਸਬੁੱਕ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ, ਹਾਲਾਂਕਿ ਇਹ ਪਾਬੰਦੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ। (ਪੀਟੀਆਈ)