
ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਅਤੇ 11 ਵਿਰੁਧ ਮਾਮਲਾ ਦਰਜ
Punjab News: ਲੁਧਿਆਣਾ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਭੂ-ਮਾਫੀਆ ਨਾਲ ਮਿਲ ਕੇ ਗਲਾਡਾ ਵਿਚ ਅਰਬਾਂ ਰੁਪਏ ਦੀ ਜ਼ਮੀਨ ਵੇਚ ਰਿਹਾ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਘਪਲੇ ਵਿਚ ਗਲਾਡਾ ਦੇ ਅਧਿਕਾਰੀ ਅਤੇ ਕੰਪਿਊਟਰ ਆਪਰੇਟਰ ਵੀ ਸ਼ਾਮਲ ਹਨ। ਇਹ ਧੋਖਾਧੜੀ ਜਾਇਦਾਦ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕੀਤੀ ਜਾ ਰਹੀ ਸੀ। ਮੁਲਜ਼ਮਾਂ ਨੇ ਜਾਅਲੀ ਮੋਹਰਾਂ ਵੀ ਬਣਵਾਈਆਂ ਹਨ ਅਤੇ ਦਫ਼ਤਰ ਵਿਚੋਂ ਕਰੀਬ 88 ਸਰਕਾਰੀ ਫਾਈਲਾਂ ਚੋਰੀ ਹੋ ਚੁੱਕੀਆਂ ਹਨ।
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਇਕ ਰੈਸਟੋਰੈਂਟ ਮਾਲਕ ਨਾਲ ਜਾਇਦਾਦ ਦੇ ਮਾਮਲੇ ਵਿਚ 5.5 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਇਸ ਮਾਮਲੇ 'ਚ ਗੰਭੀਰ ਧਾਰਾਵਾਂ ਤਹਿਤ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਸਚਦੇਵਾ, ਉਸ ਦੇ ਭਰਾ ਪਰਮਿੰਦਰ ਸਿੰਘ ਸਚਦੇਵਾ, ਮਨਦੀਪ ਸਿੰਘ, ਉਪਜੀਤ ਸਿੰਘ, ਨਰੇਸ਼ ਕੁਮਾਰ, ਹਰਜਿੰਦਰ ਸਿੰਘ, ਵਿਜੇ ਕੁਮਾਰ ਉਰਫ਼ ਸੋਨੂੰ, ਦੀਪਕ ਆਹੂਜਾ, ਲਾਡੀ, ਮਨੀਸ਼ ਪੁਰੀ, ਅਮਿਤ ਕੁਮਾਰ ਅਤੇ ਹੋਰਾਂ ਖਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ। ਪੁਲਿਸ ਨੇ ਜਦੋਂ ਜਾਂਚ ਦਾ ਘੇਰਾ ਵਧਾਇਆ ਤਾਂ ਇਸ ਮਾਮਲੇ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਲਾਡਾ ਦਫ਼ਤਰ ਵਿਚੋਂ 88 ਅਸਲ ਫਾਈਲਾਂ ਚੋਰੀ ਹੋਈਆਂ ਹਨ। ਇਨ੍ਹਾਂ ਵਿਚੋਂ 28 ਦੇ ਕਰੀਬ ਫਾਈਲਾਂ ਪੁਲਿਸ ਨੇ ਬਰਾਮਦ ਕਰ ਲਈਆਂ ਹਨ। ਕਮਿਸ਼ਨਰ ਚਾਹਲ ਨੇ ਦਸਿਆ ਕਿ ਇਸ ਗਿਰੋਹ ਦੇ ਮੈਂਬਰ ਗਲਾਡਾ ਦੇ ਕੰਪਿਊਟਰ ਆਪਰੇਟਰ ਅਤੇ ਹੋਰ ਮੁਲਾਜ਼ਮਾਂ ਨਾਲ ਮਿਲ ਕੇ ਫਾਈਲਾਂ ਚੋਰੀ ਕਰਦੇ ਸਨ। ਜਿਨ੍ਹਾਂ ਨੇ ਗਲਾਡਾ ਦੇ ਸ਼ਾਪ ਕਮ ਆਫਿਸ (ਐਸਸੀਓ) ਵਾਪਸ ਕਰ ਦਿਤੇ ਸੀ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਨ੍ਹਾਂ ਦੇ ਨਾਂ ਵੀ ਕੰਪਿਊਟਰ ਆਪਰੇਟਰ ਦੀ ਮਦਦ ਨਾਲ ਰਿਕਾਰਡ ਵਿਚ ਬਦਲ ਦਿਤੇ ਗਏ।
ਮੁਲਜ਼ਮ ਅਸਲ ਫਾਈਲ ਅਪਣੇ ਕੋਲ ਰੱਖ ਕੇ ਮਾਲਕ ਦਾ ਨਾਂ ਬਦਲ ਲੈਂਦੇ ਸਨ। ਉਸ ਤੋਂ ਬਾਅਦ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਇਹ ਮੁਲਜ਼ਮ ਗਲਾਡਾ ਦੇ ਐਸ.ਸੀ.ਓਜ਼. ਲੋਕਾਂ ਨੂੰ ਮਹਿੰਗੇ ਭਾਅ ’ਤੇ ਵੇਚਦੇ ਸਨ। ਕੁੱਝ ਮਾਮਲਿਆਂ ਵਿਚ ਕਥਿਤ ਦੋਸ਼ੀਆਂ ਨੇ ਸਬ-ਰਜਿਸਟਰਾਰ ਦਫ਼ਤਰ ਵਿਚ ਜਾਅਲੀ ਗਲਾਡਾ ਅਧਿਕਾਰੀ ਬਣ ਕੇ ਰਜਿਸਟਰੀਆਂ ਵੀ ਕਰਵਾ ਲਈਆਂ ਹਨ।
ਪੁਲਿਸ ਨੇ ਇਸ ਮਾਮਲੇ ਵਿਚ ਮਨਦੀਪ ਸਿੰਘ, ਨਰੇਸ਼ ਦੇ ਭਰਾ ਹਰੀਸ਼ ਅਤੇ ਮੀਨਾਕਸ਼ੀ ਉਰਫ ਮੀਨਾ ਨੂੰ ਵੀ ਹਿਰਾਸਤ ਵਿਚ ਲਿਆ ਹੈ। ਮੀਨਾਕਸ਼ੀ ਗਲਾਡਾ ਕਰਮਚਾਰੀ ਰਾਜ ਦੀ ਪਤਨੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਰਾਜ ਨੂੰ ਵੀ ਨਾਮਜ਼ਦ ਕੀਤਾ ਹੈ। ਪੁਲਿਸ ਨੇ ਮੀਨਾਕਸ਼ੀ ਕੋਲੋਂ 5 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ।
ਕੌਣ ਹੈ ਇਸ ਦਾ ਸਰਗਨਾ
ਉਪਜੀਤ ਸਿੰਘ ਇਸ ਪੂਰੇ ਮਾਮਲੇ ਦਾ ਮੁੱਖ ਸਰਗਨਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਉਪਜੀਤ ਗਲਾਡਾ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਸੀ ਅਤੇ ਜ਼ਮੀਨਾਂ ਮਨਦੀਪ ਸਿੰਘ ਨੂੰ ਜਾਇਦਾਦ ਦਾ ਮਾਲਕ ਦੱਸ ਕੇ ਵੇਚ ਦਿਤੀਆਂ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਜਾਅਲੀ ਮੋਹਰਾਂ ਸਮੇਤ ਕਈ ਜਾਅਲੀ ਪੱਤਰ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਦੀ ਜਾਂਚ ਏਡੀਸੀਪੀ ਅਮਨਦੀਪ ਸਿੰਘ ਬਰਾੜ ਕਰ ਰਹੇ ਹਨ।