
ਦੀਪ ਸਿੱਧੂ ਤੇ ਲੱਖਾ ਸਿਧਾਣਾ ਦੀ ਰਿਹਾਈ ਲਈ ਉਮੜਿਆ ਨੌਜੁਆਨਾਂ ਦਾ ਸੈਲਾਬ
ਸੰਘਰਸ਼ ਦੀ ਕਾਮਯਾਬੀ ਲਈ ਜ਼ਾਬਤੇ ਵਿਚ ਰਹਿ ਕੇ ਕਰੜੇ ਪ੍ਰੋਗਰਾਮ ਉਲੀਕਣੇ ਪੈਣਗੇ
ਅੰਮਿ੍ਰਤਸਰ, 7 ਮਾਰਚ ( ਸੁਖਵਿੰਦਰਜੀਤ ਸਿੰਘ ਬਹੋੜੂ) : ਦਿੱਲੀ ਪੁਲਿਸ ਵਲੋਂ ਗਿ੍ਰਫ਼ਤਾਰ ਕੀਤੇ ਦੀਪ ਸਿੱਧੂ, ਇਕਬਾਲ ਸਿੰਘ, ਰਣਜੀਤ ਸਿੰਘ ਅਤੇ ਹੋਰਾਂ ਨੌਜਵਾਨਾਂ ਤੇ ਕਿਸਾਨਾਂ ਦੀ ਰਿਹਾਈ ਲਈ ਅਤੇ ਲੱਖੇ ਸਿਧਾਣੇ ’ਤੇ ਕੀਤੇ ਝੂਠੇ ਪਰਚਿਆਂ ਵਿਰੁਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਸੰਘਰਸਸ਼ੀਲ ਕਿਸਾਨਾਂ ਦੇ ਸਮਰਥਨ ’ਚ ਅਤੇ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੱਜ ਸਿੱਖ ਜਥੇਬੰਦੀਆਂ ਨੇ ਮੁਕੇਰੀਆਂ ’ਚ ਰੋਸ ਮਾਰਚ ਕੱਢਿਆ। ਨੌਜਵਾਨਾਂ ਵਲੋਂ ਲੁਬਾਣਾ ਭਵਨ ਵਿਖੇ ਇਕੱਤਰ ਹੋ ਕੇ ਇਹ ਮਾਰਚ ਪੇਪਰ ਮਿੱਲ ਤੋਂ ਭੰਗਾਲਾ ਚੁੰਗੀ ਤੱਕ ਗੱਡੀਆਂ, ਮੋਟਰ ਸਾਈਕਲਾਂ, ਟਰੈਕਟਰਾਂ ਅਤੇ ਜੀਪਾਂ ’ਤੇ ਕੀਤਾ ਗਿਆ ਤੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਗਿ੍ਰਫ਼ਤਾਰ ਨੌਜਵਾਨਾਂ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਅਤੇ ਖ਼ਾਲਸਾਈ ਝੰਡੇ ਹੱਥਾਂ ’ਚ ਫੜੇ ਹੋਏ ਸਨ। ਮਾਰਚ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਆਗੂ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ, ਭਾਈ ਪਰਮਿੰਦਰ ਸਿੰਘ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਦਵਿੰਦਰ ਸਿੰਘ ਮੁਕੇਰੀਆਂ, ਭਾਈ ਪੰਜਾਬ ਸਿੰਘ ਸੁਲਤਾਨਵਿੰਡ ਅਤੇ ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੁਲਤਵੀ ਕੀਤਾ ਪਾਰਲੀਮੈਂਟ ਘੇਰਨ ਜਿਹਾ ਸਖ਼ਤ ਪ੍ਰੋਗਰਾਮ ਜਲਦ ਉਲੀਕਣ। ਨਰਮ ਪ੍ਰੋਗਰਾਮ ਦੇ ਕੇ ਕਿਸਾਨ ਆਗੂ ਭਾਵੇਂ ਉਮਰ ਭਰ ਵੀ ਦਿੱਲੀ ਮੋਰਚੇ ’ਚ ਬੈਠੇ ਰਹਿਣ ਪਰ ਇੰਝ ਮੋਦੀ ਸਰਕਾਰ ਨੇ ਨਹੀਂ ਮੰਨਣਾ। ਸੰਘਰਸ਼ ਦੀ ਕਾਮਯਾਬੀ ਲਈ ਸਾਨੂੰ ਕਰੜੇ ਪ੍ਰੋਗਰਾਮ ਦੇਣੇ ਪੈਣਗੇ ਪਰ ਪ੍ਰੋਗਰਾਮ ਅਜਿਹੇ ਹੋਣ ਜੋ ਜਾਬਤੇ ਵਿਚ ਹੋਵੇ, ਹਿੰਸਕ ਰੂਪ ਵੀ ਨਾ ਲਵੇ ਤੇ ਉਸ ਦਾ ਸੁਨੇਹਾ ਐਨਾ ਸਖ਼ਤ ਹੋਵੇ ਕਿ ਸਾਡੀ ਗੱਲ ਮੰਨਣ ਲਈ ਮੋਦੀ ਸਰਕਾਰ ਮਜ਼ਬੂਰ ਹੋ ਜਾਵੇ। ਲੱਖੇ ਸਿਧਾਣੇ ਨੂੰ ਹਾਲ ਹਰ ’ਚ ਗਿ੍ਰਫ਼ਤਾਰੀ ਤੋਂ ਬਚਾਇਆ ਜਾਵੇ ਤੇ ਜੇ ਸਰਕਾਰ ਨੇ ਉਸ ਨਾਲ ਵਧੀਕੀ ਕੀਤੀ ਤਾਂ ਗੰਭੀਰ ਸਿੱਟੇ ਨਿਕਲਣਗੇ। ਦੀਪ ਸਿੱਧੂ ਅਤੇ ਲੱਖਾ ਸਿਧਾਣਾ ਵਰਗੇ ਨੌਜਵਾਨਾਂ ਆਗੂਆਂ ਨੇ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਪੰਜਾਬ ਅੰਦਰ ਵੱਡੇ ਪੱਧਰ ’ਤੇ ਲਾਮਬੰਦੀ ਕੀਤੀ ਸੀ ਜਿਨ੍ਹਾਂ ਨੂੰ ਇਸ ਸੰਘਰਸ਼ ਤੋਂ ਹਰਗਿਜ ਵੀ ਵੱਖ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਭਾਈ ਸੁਖਚੈਨ ਸਿੰਘ ਗੋਪਾਲਾ, ਭਾਈ ਮਨਦੀਪ ਸਿੰਘ ਮਜੀਠਾ, ਭਾਈ ਦਲਜੀਤ ਸਿੰਘ ਬੌਬੀ, ਬੀਬੀ ਮਨਿੰਦਰ ਕੌਰ, ਭਾਈ ਜਸ਼ਨਦੀਪ ਸਿੰਘ, ਗੁਰਪੰਥ ਪ੍ਰਥਮ ਸਿੰਘ ਆਦਿ ਹਾਜ਼ਰ ਸਨ।