
ਇਥੋਂ ਦੇ ਲੋਹਾ ਕਾਰੋਬਾਰੀ ਨੇ ਸਵੇਰ ਸਮੇਂ ਅਪਣੀ ਪਤਨੀ, ਪੁੱਤਰ, ਧੀ ਤੇ ਅਪਣੇ ਆਪ ਨੂੰ ਗੋਲੀਆਂ ਮਾਰ ਦਿਤੀਆਂ। ਉਸ ਦੀ ਪਤਨੀ, ਪੁੱਤਰ ਤੇ ਖ਼ੁਦ ਦੀ ਮੌਕੇ 'ਤੇ ਹੀ ਮੌਤ ਹੋ..
ਲੁਧਿਆਣਾ, 8 ਜੂਨ (ਗੁਰਮਿੰਦਰ ਗਰੇਵਾਲ) : ਇਥੋਂ ਦੇ ਲੋਹਾ ਕਾਰੋਬਾਰੀ ਨੇ ਸਵੇਰ ਸਮੇਂ ਅਪਣੀ ਪਤਨੀ, ਪੁੱਤਰ, ਧੀ ਤੇ ਅਪਣੇ ਆਪ ਨੂੰ ਗੋਲੀਆਂ ਮਾਰ ਦਿਤੀਆਂ। ਉਸ ਦੀ ਪਤਨੀ, ਪੁੱਤਰ ਤੇ ਖ਼ੁਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਧੀ ਗੰਭੀਰ ਰੂਪ 'ਚ ਜ਼ਖ਼ਮੀ ਹੈ।
44 ਸਾਲਾ ਕਾਰੋਬਾਰੀ ਜਗਮੀਤਪਾਲ ਸਿੰਘ ਖੁਰਾਣਾ ਉਰਫ਼ ਟਵਿੰਕਲ, 42 ਸਾਲਾ ਜਸਪ੍ਰੀਤ ਕੌਰ ਪਤਨੀ ਅਤੇ 19 ਸਾਲਾ ਪੁੱਤਰ ਜ਼ਸ਼ਨਦੀਪ ਦੀ ਮੌਤ ਹੋ ਗਈ ਜਦਕਿ 15 ਸਾਲਾ ਧੀ ਬਿਸਮਿਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਸਥਾਨਕ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕਾਰੋਬਾਰੀ ਪਰਵਾਰਕ ਕਲੇਸ਼ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਵਾਰਦਾਤ ਮਗਰੋਂ ਲੁਧਿਆਣਾ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਤੇ ਡੀ.ਸੀ.ਪੀ ਧਰੁਮਨ ਐਚ. ਨਿੰਬਲੇ ਅਪਣੀਆਂ ਟੀਮਾਂ ਨਾਲ ਘਟਨਾ ਸਥਾਨ 'ਤੇ ਪਹੁੰਚੇ। ਘਟਨਾ ਸ਼ਹਿਰ ਦੇ ਮਾਡਲ ਟਾਊਨ ਐਕਸਟੈਂਸ਼ਨ ਵਿਚ ਵਾਪਰੀ। ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੇ ਦਸਿਆ ਕਿ ਘਟਨਾ ਦੀ ਅਸਲ ਵਜ੍ਹਾ ਦਾ ਹਾਲੇ ਪਤਾ ਨਹੀਂ ਲੱਗਾ।
ਬਿਸਮਿਨ ਦੀ ਧੀ ਦੇ ਹੋਸ਼ 'ਚ ਆਉਣ 'ਤੇ ਹੀ ਸਹੀ ਤੱਥ ਸਾਹਮਣੇ ਆਉਣਗੇ।
ਮਕਾਨ ਦੇ ਥੱਲੇ ਵਾਲੇ ਹਿੱਸੇ ਵਿਚ ਜਗਮੀਤਪਾਲ ਸਿੰਘ ਦੀ ਬਜ਼ੁਰਗ ਮਾਂ ਮਹਿੰਦਰ ਕੌਰ ਰਹਿੰਦੀ ਸੀ। ਇਸ ਸਮੇਂ ਉਹ ਵੀ ਡੂੰਘੇ ਸਦਮੇ ਦੀ ਹਾਲਤ ਵਿਚ ਹੈ ਤੇ ਕੁੱਝ ਵੀ ਦੱਸਣ ਤੋਂ ਅਸਮਰੱਥ ਹੈ। ਪੁਲਿਸ ਪਰਵਾਰਕ ਰਿਸ਼ਤੇਦਾਰਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਪਰਵਾਰ ਦੇ ਨੇੜਲੇ ਸੂਤਰਾਂ ਮੁਤਾਬਕ ਜਗਮੀਤਪਾਲ ਸਿੰਘ ਨੇ ਅਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਉਥੇ ਮੌਜੂਦ ਅਪਣੀ ਪਤਨੀ, ਧੀ ਤੇ ਪੁੱਤਰ ਨੂੰ ਗੋਲੀ ਮਾਰੀ। ਗੋਲੀ ਦੀ ਆਵਾਜ਼ ਸੁਣ ਕੇ ਸੱਭ ਤੋਂ ਪਹਿਲਾਂ ਡਰਾਈਵਰ ਤੇ ਮਾਲੀ ਭੱਜ ਕੇ ਉਪਰ ਜਗਮੀਤ ਦੇ ਕਮਰੇ ਕੋਲ ਪੁੱਜਾ ਪਰ ਕਮਰਾ ਅੰਦਰੋਂ ਬੰਦ ਸੀ। ਦੋਵੇਂ ਹਥੌੜੇ ਨਾਲ ਖਿੜਕੀ ਦਾ ਸ਼ੀਸ਼ਾ ਤੋੜ ਕੇ ਕਮਰੇ ਅੰਦਰ ਗਏ ਤੇ ਅੰਦਰ ਚਾਰੇ ਖ਼ੂਨ ਨਾਲ ਲੱਥ-ਪੱਥ ਪਏ ਸਨ। ਧੀ ਦੇ ਸਾਹ ਚੱਲ ਰਹੇ ਸਨ। ਤੁਰਤ ਪੁਲਿਸ ਨੂੰ ਖ਼ਬਰ ਦਿਤੀ ਗਈ ਤੇ ਧੀ ਨੂੰ ਹਸਪਤਾਲ ਭੇਜਿਆ ਗਿਆ। ਪੁਲਿਸ ਨੂੰ ਮੌਕੇ ਤੋਂ 32 ਬੋਰ ਦੀ ਰਿਵਾਲਵਰ ਤੇ ਤਿੰਨ ਗੋਲੀਆਂ ਬਰਾਮਦ ਹੋਈਆਂ ਹਨ। -