
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਕਾਲੀ-ਭਾਜਪਾ ਗਠਜੋੜ ਦੀ ਸਾਬਕਾ ਸਰਕਾਰ ਦੇ ਪੋਤੜੇ ਫ਼ਰੋਲਦਿਆਂ ਕਿਹਾ ਕਿ ਹੁਣ ਬਾਦਲਾਂ ਨੂੰ ਜੇਲ ਭੇਜਿਆ ਤਾਂ ਉਹ ਛੇਤੀ..
ਪਟਿਆਲਾ, 26 ਜੂਨ (ਰਾਣਾ ਰੱਖੜਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਕਾਲੀ-ਭਾਜਪਾ ਗਠਜੋੜ ਦੀ ਸਾਬਕਾ ਸਰਕਾਰ ਦੇ ਪੋਤੜੇ ਫ਼ਰੋਲਦਿਆਂ ਕਿਹਾ ਕਿ ਹੁਣ ਬਾਦਲਾਂ ਨੂੰ ਜੇਲ ਭੇਜਿਆ ਤਾਂ ਉਹ ਛੇਤੀ ਬਾਹਰ ਨਹੀਂ ਆਉਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਗ਼ੁਲਾਮ ਬਣਾਉਣ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ, ਜਿਸ ਨੇ ਵੋਟਾਂ ਬਟੋਰਨ ਲਈ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਦਿਤਾ ਹੈ ਅਤੇ ਸੂਬੇ ਅੰਦਰ ਸੈਂਕੜੇ ਹੀ ਪਰਵਾਰ ਨਸ਼ਿਆਂ ਨੇ ਤਬਾਹ ਕਰ ਦਿਤੇ ਹਨ ਕਿਉਂਕਿ ਸਮੁੱਚੇ ਕਾਰੋਬਾਰਾਂ 'ਤੇ ਬਾਦਲਾਂ ਦਾ ਹੀ ਕਬਜ਼ਾ ਰਿਹਾ ਜੋ ਸਮੇਂ-ਸਮੇਂ ਸਿਰ ਲੋਕਾਂ ਦੇ ਸਾਹਮਣੇ ਮੀਡੀਆ ਵਲੋਂ ਪੇਸ਼ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਅੱਜ ਪਟਿਆਲਾ ਫੇਰੀ ਦੌਰਾਨ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਦੇ 100 ਦਿਨ ਅਤੇ ਭਾਜਪਾ ਦੇ ਹਜ਼ਾਰ ਦਿਨਾਂ ਦੀ ਤੁਲਨਾ ਕਰਦਿਆਂਕਿਹਾ ਕਿ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਇੰਨੇ ਘੱਟ ਸਮੇਂ ਵਿਚ ਇੰਨਾ ਕੁੱਝ ਕਰ ਦਿਤਾ, ਉਹ ਕੇਂਦਰ ਦੀ ਐਨ.ਡੀ.ਏ. ਸਰਕਾਰ ਤੋਂ 1000 ਦਿਨਾਂ ਦੇ ਵਿਚ ਵੀ ਨਹੀਂ ਹੋਇਆ। ਜਾਖੜਾ ਨੇ ਬਾਦਲਾਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਬਾਦਲਾਂ ਨੂੰ ਹੁਣ ਜਦੋਂ ਜੇਲ ਭੇਜਿਆ ਗਿਆ ਤਾਂ ਛੇਤੀ ਬਾਹਰ ਆਉਣ ਦਾ ਮੌਕਾ ਨਹੀਂ ਲਗੇਗਾ, ਕਿਉਂਕਿ ਜੋ ਕੇਬਲਾਂ ਨੈਟਰਵਕ, ਰੇਤ ਬਜ਼ਰੀ, ਟ੍ਰਾਂਸਪੋਰਟ ਆਦਿ ਹੋਰ ਵਪਾਰਾਂ 'ਤੇ ਜੋ ਕਬਜ਼ੇ ਕੀਤੇ ਹਨ, ਉਨ੍ਹਾਂ ਦੀ ਸਾਰੀ ਸੁੱਚੀ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਦੀ ਲੁੱਟ ਕਰਨ ਵਿਚ ਦੋਵੇਂ ਬਾਦਲਾਂ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਕਰਜ਼ਾ ਮਾਫ਼ੀ ਦੇ ਮੁੱਦੇ 'ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਆ ਕੇ ਇਥੋਂ ਦੇ ਮਾਹਰਾਂ ਸਾਹਮਣੇ ਮੇਰੇ ਨਾਲ ਖੁੱਲ੍ਹੀ ਬਹਿਸ ਕਰਨ ਤਾਂ ਉਸ ਨੂੰ ਪਤਾ ਚੱਲ ਜਾਵੇਗਾ ਕਿ ਅਸਲ ਸਚਾਈ ਕੀ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਨੇ ਹੱਥੀਂ ਖੇਤੀ ਕੀਤੀ ਹੋਈ ਹੈ, ਜਿਸ ਨੂੰ ਪਤਾ ਹੈ ਕਿ ਕਿਸਾਨ ਦੀ ਖੇਤੀ 'ਚੋਂ ਕਮਾਈ ਕੀ ਹੁੰਦੀ ਹੈ, ਜੇਕਰ ਵੱਡੇ ਬਾਦਲ ਨੂੰ ਸਮਝ ਹੁੰਦੀ ਤਾਂ ਉਹ ਕੈ.ਅਮਰਿੰਦਰ ਸਿੰਘ ਨਾਲ ਗੱਲਬਾਤ ਕਰਦੇ ਕੀ ਆਪਾਂ ਦੋਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਮਾਫ਼ ਕਰਨਾ ਅਤੇ ਹੋਰ ਵੱਡੇ ਪੈਕੇਜ਼ ਦੀ ਵੀ ਮੰਗ ਰਖਦੇ। ਉਨ੍ਹਾਂ ਕਿਹਾ ਕਿ ਦੋਵਾਂ ਬਾਦਲਾਂ ਵਲੋਂ ਆਪ ਦੇ ਅਨਟ੍ਰੇਂਡ ਵਿਧਾਇਕਾਂ ਨੂੰ ਅੱਗੇ ਲਗਾ ਕੇ ਜੋ ਪੱਗ ਲਾਉਣ ਦਾ ਡਰਾਮਾ ਕੀਤਾ ਹੈ, ਇਸ ਨੂੰ ਸਮੁੱਚੇ ਪੰਜਾਬ ਦੇ ਲੋਕ ਜਾਣਦੇ ਹਨ, ਕਿਉਂਕਿ ਉਥੋਂ ਲਏ ਗਏ ਕੈਮਰਾ ਫ਼ੁਟੇਜ਼ ਵਿਚ ਸਾਫ਼ ਹੋ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਤੇ ਆਪ ਪਾਰਟੀ ਦੋਵੇਂ ਇਕਜੁੱਟ ਹੋ ਕੇ ਚੁੱਕੇ ਹਨ ਤਾਂ ਹੀ ਅਜਿਹੀ ਘਟੀਆ ਡਰਾਮੇਬਾਜ਼ੀ 'ਤੇ ਉਤਰ ਆਏ ਹਨ , ਜਿਸ ਦਾ ਖਾਮਿਆਜ਼ਾ ਇਨ੍ਹਾਂ ਨੂੰ ਭੁਗਤਣਾ ਪਵੇਗਾ। ਜਾਖੜ ਨੇ ਕਿਹਾ ਕਿ ਪ੍ਰੋਫੈ. ਕ੍ਰਿਪਾਲ ਸਿੰਘ ਬਡੂੰਗਰ ਪੰਥ ਪ੍ਰਤੀ ਦੀ ਬਜ਼ਾਏ ਰਾਜਨੀਤਕ ਕੁਰਸੀ ਹਾਸਲ ਕਰਨ ਦੀ ਦੌੜ ਵਿਚ ਹਨ ਤਾਂ ਹੀ ਇੰਨੀ ਤੇਜ਼ੀ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਆਦਿ ਹੋਰ ਰਾਜਨੀਤਕ ਪਾਰਟੀ ਵਿਚ ਦਖ਼ਲਅੰਦਾਜ਼ੀ ਕਰ ਰਹੇ ਹਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ.ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਜਪਾ ਵਲੋਂ ਜੋ ਵਾਅਦੇ 10 ਸਾਲਾਂ ਵਿਚ ਪੂਰੇ ਨਾ ਕੀਤੇ ਗਏ , ਉਨ੍ਹਾਂ ਵਾਅਦਿਆਂ ਨੂੰ ਮੌਜੂਦਾ ਕੈਪਟਨ ਦੀ ਸਰਕਾਰ ਨੇ 100 ਦਿਨਾਂ ਵਿਚ ਪੂਰਾ ਕਰਕੇ ਦਿਖਾਇਆ ਹੈ, ਜਿਸ ਤੋਂ ਸਮੁੱਚੇ ਵਪਾਰੀ, ਕਿਸਾਨ, ਮਜ਼ਦੂਰ, ਮੁਲਾਜਮ ਅਤੇ ਹੋਰ ਵਰਗ ਪੁਰੀ ਤਰ੍ਹਾਂ ਖ਼ੁਸ਼ ਹਨ। ਪ੍ਰਧਾਨ ਬਣਨ ਤੋਂ ਬਾਅਦ ਜਾਖੜ ਪਹਿਲੀ ਵਾਰ ਪਟਿਆਲਾ ਪੁੱਜੇ ਸਨ, ਜਿਨ੍ਹਾਂ ਸਮੁੱਚੇ ਸ਼ਹਿਰੀ ਅਤੇ ਦਿਹਾਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਫੁੱਲਾ ਦੇ ਬੂਕਿਆ ਨਾਲ ਨਿੱਘਾ ਸਵਾਗਤ ਵੀ ਕੀਤਾ ਗਿਆ, ਜਿਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਪੀ.ਕੇ.ਪੂਰੀ, ਕੇ.ਕੇ. ਸ਼ਰਮਾ, ਸੰਜੀਵ ਸ਼ਰਮਾ, ਬਿੱਟੂ, ਵੇਦ ਪ੍ਰਕਾਸ਼ ਗੁਪਤਾ, ਕਿਰਨ ਢਿਲੋਂ, ਨਿਰਮਲ ਭਾਟੀਆ, ਸੰਤੋਖ ਸਿੰਘ, ਕੇ.ਕੇ ਮਲਹੋਤਰਾ, ਅਨਿਲ ਮੰਗਲਾ, ਨਰੇਸ ਦੁੱਗਲ, ਸਚਿਨ ਸ਼ਰਮਾ, ਇੰਦਰਜੀਤ ਸਿੰਘ ਬੋਪਾਰਾਏ, ਗੁਰਮੀਤ ਸਿੰਘ ਮੋਹਣੀ ਜੱਸੋਵਾਲ, ਅਵਤਾਰ ਸਿੰਘ ਲਹਿਲ, ਵਿਨੋਦ ਕੁਮਾਰ ਕੁੱਕਾ ਕਾਂਗਰਸੀ ਆਗੂ, ਲਾਲੀ ਗਰੇਵਾਲ, ਹਰਿੰਦਰ ਬਾਜਵਾ, ਯੋਗਿੰਦਰ ਸਿੰਘ ਯੋਗੀ, ਸੁਖਦੇਵ ਮਹਿਤਾ, ਹਰਦੇਵ ਬਾਲੀ, ਹਰਵਿੰਦਰ ਨਿੱਪੀ, ਕ੍ਰਿਸ਼ਨ ਚੰਦ ਸੁਡ, ਜਸਵਿੰਦਰ ਜੁਲਕਾ ਆਦਿ ਵੀ ਹਾਜ਼ਰ ਸਨ।