
ਘੋਰ ਗ਼ਰੀਬੀ ਕਾਰਨ ਕਿਡਨੀ ਟਰਾਂਸਪਲਾਂਟ ਜਿਹਾ ਮਹਿੰਗਾ ਇਲਾਜ ਨਾ ਕਰਵਾ ਸਕਣ ਵਾਲਾ ਬਠਿੰਡਾ ਨਿਵਾਸੀ ਮਰੀਜ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਆਇਆ ਹੈ।
ਚੰਡੀਗੜ੍ਹ, 8 ਜੂਨ (ਨੀਲ ਭਲਿੰਦਰ ਸਿੰਘ) : ਘੋਰ ਗ਼ਰੀਬੀ ਕਾਰਨ ਕਿਡਨੀ ਟਰਾਂਸਪਲਾਂਟ ਜਿਹਾ ਮਹਿੰਗਾ ਇਲਾਜ ਨਾ ਕਰਵਾ ਸਕਣ ਵਾਲਾ ਬਠਿੰਡਾ ਨਿਵਾਸੀ ਮਰੀਜ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਆਇਆ ਹੈ। ਜਸਟਿਸ ਫ਼ਤਿਹਦੀਪ ਸਿੰਘ ਦੇ ਛੁੱਟੀਆਂ ਵਾਲੇ ਬੈਂਚ ਨੇ ਅੱਜ ਉਸ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ, ਪ੍ਰਿੰਸੀਪਲ ਸਕੱਤਰ ਸਿਹਤ ਪਰਵਾਰ ਭਲਾਈ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਪੀਜੀਆਈ ਚੰਡੀਗੜ੍ਹ ਨੂੰ 19 ਜੂਨ ਲਈ ਨੋਟਿਸ ਜਾਰੀ ਕਰ ਦਿਤੇ ਹਨ।
ਐਡਵੋਕੇਟ ਹਰੀ ਚੰਦ ਅਰੋੜਾ ਨੇ ਇਹ ਮਾਮਲਾ ਹਾਈ ਕੋਰਟ 'ਚ ਚੁਕਿਆ ਹੈ। ਉਨ੍ਹਾਂ ਪਟੀਸ਼ਨ ਤਹਿਤ ਦਸਿਆ ਕਿ ਸੁਖਵੀਰ ਸਿੰਘ ਨਾਮੀ ਮਰੀਜ਼ ਦੀ ਮਾਂ ਅਤੇ ਭਰਾ ਵੀ ਇਸੇ ਬੀਮਾਰੀ ਕਾਰਨ ਕੁੱਝ ਸਮਾਂ ਪਹਿਲਾਂ ਮੌਤ ਦੇ ਮੂੰਹ ਜਾ ਪੁੱਜੇ ਹਨ। ਹੁਣ ਇਹ ਵਿਅਕਤੀ ਵੀ ਇਸੇ ਬੀਮਾਰੀ ਤੋਂ ਪੀੜਤ ਹੋ ਗਿਆ ਹੈ। ਪੀਜੀਆਈ ਚੰਡੀਗੜ੍ਹ 'ਚ ਦਾਖ਼ਲ ਸੁਖਵੀਰ ਸਿੰਘ ਦੇ ਇਲਾਜ ਦਾ ਖ਼ਰਚਾ ਤਕਰੀਬਨ ਪੌਣੇ ਤਿੰਨ ਲੱਖ ਰੁਪਏ ਦਸਿਆ ਗਿਆ। ਘੋਰ ਗ਼ਰੀਬੀ ਕਾਰਨ ਉਹ ਏਨਾ ਮਹਿੰਗਾ ਇਲਾਜ ਕਰਵਾਉਣੋਂ ਅਸਮਰੱਥ ਹੈ। ਪਟੀਸ਼ਨ ਤਹਿਤ ਦਿੱਲੀ ਹਾਈ ਕੋਰਟ ਦੇ ਇਕ ਫ਼ੈਸਲੇ ਦਾ ਹਵਾਲਾ ਵੀ ਦਿਤਾ ਗਿਆ ਹੈ ਜਿਸ ਮੁਤਾਬਕ ਸਪੱਸ਼ਟ ਕਿਹਾ ਗਿਆ ਹੈ ਕਿ ਸਰਕਾਰ ਕਿਸੇ ਵਿਅਕਤੀ ਨੂੰ ਮਹਿਜ਼ ਇਸ ਕਰ ਕੇ ਬੀਮਾਰੀ ਨਾਲ ਮਰਨ ਨਹੀਂ ਦੇ ਸਕਦੀ ਕਿ ਉਸ ਕੋਲ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ।