
ਉੱਤਰ ਪ੍ਰਦੇਸ਼ ਸਰਕਾਰ ਵਿਚ ਉਦਯੋਗ ਵਿਕਾਸ ਮੰਤਰੀ ਸਤੀਸ਼ ਮਹਾਨਾ ਨੇ ਅੱਜ ਇਥੇ ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਉੱਤਰ ਪ੍ਰਦੇਸ਼ ਦੇ ਉਦਯੋਗ ਨੂੰ....
ਮੋਹਾਲੀ, 8 ਜੂਨ (ਸਤਵਿੰਦਰ ਸਿੰਘ ਧੜਾਕ/ਪ੍ਰਦੀਪ ਸਿੰਘ ਹੈਪੀ) : ਉੱਤਰ ਪ੍ਰਦੇਸ਼ ਸਰਕਾਰ ਵਿਚ ਉਦਯੋਗ ਵਿਕਾਸ ਮੰਤਰੀ ਸਤੀਸ਼ ਮਹਾਨਾ ਨੇ ਅੱਜ ਇਥੇ ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਉੱਤਰ ਪ੍ਰਦੇਸ਼ ਦੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਕਾਫ਼ੀ ਯਤਨ ਕਰ ਰਹੀ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ 'ਤੇ ਉਦਯੋਗਾਂ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਿਛਲੇ 15 ਸਾਲਾਂ ਦੌਰਾਨ ਇਕ ਤੋਂ ਬਾਅਦ ਇਕ ਉਦਯੋਗ ਆਰਥਕ ਮੰਦਹਾਲੀ ਦੀ ਮਾਰ ਝਲਦਾ ਬੰਦ ਹੋ ਗਿਆ ਜਿਸ ਨਾਲ ਰਾਜ ਦੀ ਆਰਥਿਕਤਾ ਨੂੰ ਵੀ ਵੱਡਾ ਖੋਰਾ ਲੱਗਾ ਹੈ।
ਇਥੇ ਕਿਸੇ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਦੌਰਾਨ ਮਹਾਨਾ ਨੇ ਪੰਜਾਬੀ ਵਿਚ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਪੰਜਾਬੀ ਹੈ ਅਤੇ ਉਨ੍ਹਾਂ ਦੇ ਪਰਵਾਰ ਵਿਚ ਪੰਜਾਬੀ ਬੋਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਨਾ ਹੋਣ ਕਾਰਨ ਭਾਵੇਂ ਉਹ ਪੰਜਾਬੀ ਲਿਖ ਅਤੇ ਪੜ੍ਹ ਨਹੀਂ ਸਕਦੇ ਪਰ ਉਹ ਪੰਜਾਬੀ ਸਮਝ ਵੀ ਲੈਂਦੇ ਹਨ ਅਤੇ ਬੋਲ ਵੀ ਲੈਂਦੇ ਹਨ ਅਤੇ ਉਹਨਾਂ ਦੇ ਬੱਚੇ ਵੀ ਪੰਜਾਬੀ ਸਮਝ ਅਤੇ ਬੋਲ ਲੈਂਦੇ ਹਨ। ਉੱਤਰ ਪ੍ਰਦੇਸ਼ ਵਿਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਉਣ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਨ ਲਈ ਕੰਮ ਕਰ ਰਹੀ ਹੈ। ਮਹਾਨਾ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਟੀਚਾ ਹੈ ਕਿ ਸਾਲ (2018) ਤੋਂ ਉੱਤਰ ਪ੍ਰਦੇਸ਼ ਵਿਚ ਉਦਯੋਗਾਂ ਨੂੰ 24 ਘੰਟੇ ਬਿਜਲੀ ਦੀ ਲਗਾਤਾਰ ਸਪਲਾਈ ਮੁਹਈਆ ਕਰਵਾਈ ਜਾਵੇ।
ਉਦਯੋਗਾਂ ਵਲੋਂ ਆਪਣੀ ਰਹਿੰਦ ਖੁੰਹਦ ਨੂੰ ਸਿੱਧਾ ਨਦੀਆਂ ਵਿਚ ਸੁੱਟਣ ਕਾਰਨ ਹੋਣ ਵਾਲੇ ਪ੍ਰਦੂਸ਼ਨ ਬਾਰੇ ਪੁੱਛੇ ਇਹ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਦੇਸ਼ ਸਰਕਾਰ, ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ। -