
ਚੰਡੀਗੜ੍ਹ, 13 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਅਕਾਲੀ ਦਲ ਨੇ ਅੱਜ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਤੁਰਤ ਮੁਕੰਮਲ ਕਰਜ਼ਾ ਮੁਆਫ਼ੀ ਦੀ ਮੰਗ ਕਰਨ ਵਾਲਾ ਪ੍ਰਸਤਾਵ ਪਾਸ ਕੀਤਾ ਹੈ।
ਚੰਡੀਗੜ੍ਹ, 13 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਅਕਾਲੀ ਦਲ ਨੇ ਅੱਜ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਤੁਰਤ ਮੁਕੰਮਲ ਕਰਜ਼ਾ ਮੁਆਫ਼ੀ ਦੀ ਮੰਗ ਕਰਨ ਵਾਲਾ ਪ੍ਰਸਤਾਵ ਪਾਸ ਕੀਤਾ ਹੈ।
ਪਾਰਟੀ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਲਗਦਾ ਹੈ ਕਿ ਕਾਂਗਰਸ ਰਾਸ਼ਟਰੀ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਅਤੇ ਆੜ੍ਹਤੀਆਂ ਦੁਆਰਾ ਦਿਤੇ ਗ਼ੈਰ ਸੰਸਥਾਤਮਕ ਕਰਜ਼ਿਆਂ ਨੂੰ ਮੁਕੰਮਲ ਤੌਰ 'ਤੇ ਮੁਆਫ਼ ਕਰਨ ਦੇ ਵਾਅਦੇ ਤੋਂ ਪਲਟਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਰ ਕਮੇਟੀ ਨੇ ਫ਼ੈਸਲਾ ਕੀਤਾ ਕਿ ਇਸ ਸਰਕਾਰ ਨੂੰ ਲੋਕਾਂ ਨੂੰ ਮੂਰਖ ਬਣਾਉਣ ਅਤੇ ਅਪਣੇ ਫ਼ਰਜ਼ ਤੋਂ ਭੱਜਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ, ' ਅਸੀ ਸਰਕਾਰ ਉਤੇ ਉਨ੍ਹਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਵਾਉਣ ਲਈ ਵੀ ਦਬਾਅ ਪਾਵਾਂਗੇ ਜਿਹੜੇ ਖੇਤੀ ਅਰਥ ਵਿਵਸਥਾ ਦਾ ਹਿੱਸਾ ਹਨ। ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ'।
ਕੋਰ ਕਮੇਟੀ ਨੇ ਇਸ ਗੱਲ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਮੰਤਰੀ ਤਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਕਿ ਸਦਨ ਵਿਚ ਸਾਬਕਾ ਡੀਜੀਪੀ ਕੈਪੀਐਲ ਗਿੱਲ ਨੂੰ ਕੋਈ ਸ਼ਰਧਾਂਜਲੀ ਨਾ ਦਿਤੀ ਜਾਵੇ। ਇਹ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਵਿਧਾਇਕ ਪਾਰਟੀ ਦਾ ਆਗੂ ਇਸ ਸਬੰਧ ਵਿਚ ਸਪੀਕਰ ਅਤੇ ਮੁੱਖ ਮੰਤਰੀ ਨੂੰ ਲਿਖੇਗਾ ਅਤੇ ਸਪੀਕਰ ਨੂੰ ਗਿੱਲ ਦਾ ਨਾਂ ਸ਼ਰਧਾਂਜਲੀਆਂ ਵਾਲੀ ਸੂਚੀ ਤੋਂ ਹਟਾਉਣ ਲਈ ਕਿਹਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿਕਰ ਕੀਤਾ ਕਿ ਗਿੱਲ ਨੇ ਡੀਜੀਪੀ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀਆਂ ਬਹੁਤ ਸਾਰੀਆਂ ਉਲੰਘਣਾਵਾਂ ਕੀਤੀਆਂ ਸਨ। ਕੋਰ ਕਮੇਟੀ ਨੇ ਫ਼ੈਸਲਾ ਕੀਤਾ ਕਿ ਪਾਰਟੀ ਸਾਂਸਦਾਂ ਦਾ ਵਫ਼ਦ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲੇਗਾ ਅਤੇ ਕਿਸਾਨਾਂ ਨਾਲ ਜੁੜੀਆਂ ਵਸਤਾਂ ਉਤੇ ਜੀਐਸਟੀ ਵਿਚ ਸੋਧ ਕੀਤੇ ਜਾਣ ਦੀ ਮੰਗ ਕਰੇਗਾ।
ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ, ਕਿਰਪਾਲ ਸਿੰਘ ਬਡੂੰਗਰ, ਜਾਗੀਰ ਕੌਰ, ਚਰਨਜੀਤ ਸਿੰਘ ਅਟਵਾਲ, ਉਪਿੰਦਰਜੀਤ ਕੌਰ ਵੀ ਮੌਜੂਦ ਸਨ।