
ਆਖਿਰ ਕਿਉਂ ਲਗਾਈ ਬ੍ਰਿਟਿਸ਼ ਸਰਕਾਰ ਨੇ ਕਵਿਤਾ 'ਤੇ ਪਾਬੰਦੀ
ਪੰਜਾਬੀ ਦੇ ਲੇਖਕ ਨਾਨਕ ਸਿੰਘ (1897–1971) ਨੇ 1920 ਵਿਚ ਇੱਕ ਕਵਿਤਾ ਖ਼ੂਨੀ ਵਿਸਾਖੀ ਲਿਖੀ ਸੀ, ਜੋ 1919 ਦੀ ਵਿਸਾਖੀ ਮੌਕੇ ਜਲ੍ਹਿਆਂਵਾਲਾ ਬਾਗ਼ ਵਿਖੇ ਹੋਏ ਕਤਲੇਆਮ ਉੱਤੇ ਆਧਾਰਿਤ ਸੀ। ਉਦੋਂ ਦੀ ਅੰਗਰੇਜ਼ ਸਰਕਾਰ ਨੇ ਉਸ ਕਵਿਤਾ ਉੱਤੇ ਪਾਬੰਦੀ ਲਾ ਦਿੱਤੀ ਸੀ ਤੇ ਉਸ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰ ਕੇ ਨਸ਼ਟ ਕਰ ਦਿੱਤੀਆਂ ਗਈਆਂ ਸਨ।
Jalliawala Bagh
ਅਸਲ ਵਿਚ, ਜਲ੍ਹਿਆਂਵਾਲਾ ਬਾਗ਼ ਕਤਲੇਆਮ ਨਾਨਕ ਸਿੰਘ ਹੁਰਾਂ ਨੇ ਅੱਖੀਂ ਵੇਖਿਆ ਸੀ। ਤਦ ਉਹ 22 ਸਾਲਾਂ ਦੇ ਸਨ। ਉਹ ਉੱਥੇ ਆਪਣੇ ਦੋ ਦੋਸਤਾਂ ਨਾਲ ਗਏ ਸਨ ਤੇ ਉਹ ਦੋਵੇਂ ਦੋਸਤ ਜਨਰਲ ਡਾਇਰ ਦੀ ਗੋਲੀਬਾਰੀ ਦੀ ਭੇਟ ਚੜ੍ਹ ਗਏ ਸਨ। ਉਸ ਸਦਮੇ ਵਿਚੋਂ ਨਿਕਲਣ ਲਈ ਨਾਨਕ ਸਿੰਘ ਹੁਰਾਂ ਨੂੰ ਬਹੁਤ ਮਾਨਸਿਕ ਤਾਣ ਲਾਉਣਾ ਪਿਆ ਸੀ। ਉਨ੍ਹਾਂ ਇਸ ਸਾਕੇ ਉੱਤੇ 4,000 ਸ਼ਬਦਾਂ ਦੀ ਇੱਕ ਕਵਿਤਾ ਖ਼ੂਨੀ ਵਿਸਾਖੀ ਲਿਖੀ ਸੀ। ਉਹ ਤਦ 30 ਮਈ, 1920 ਨੂੰ ਇੱਕ ਪਤਲੇ ਜਿਹੇ ਪੈਂਫਲੈਟ ਉੱਤੇ 25 ਪੈਸੇ ਵਿਚ ਛਪੀ ਸੀ।
ਪਰ ਉਦੋਂ ਦੀ ਬ੍ਰਿਟਿਸ਼ ਸਰਕਾਰ ਨੇ ਉਸ ਕਵਿਤਾ ਉੱਤੇ ਮੁਕੰਮਲ ਪਾਬੰਦੀ ਲਾ ਕੇ ਉਸ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰ ਕੇ ਨਸ਼ਟ ਕਰਵਾ ਦਿੱਤੀਆਂ ਸਨ। ਨਾਨਕ ਸਿੰਘ ਅਕਾਲੀ ਲਹਿਰ ਨਾਲ ਜੁੜ ਗਏ ਸਨ ਤੇ ਅਕਾਲੀ ਅਖ਼ਬਾਰਾਂ ਦਾ ਸੰਪਾਦਨ ਵੀ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਲਾਹੌਰ ਦੀ ਜੇਲ੍ਹ ਵੀ ਜਾਣਾ ਪਿਆ ਸੀ।
Jallianwala Bagh
ਨਾਨਕ ਸਿੰਘ ਦੇ ਤੀਜੇ ਪੁੱਤਰ ਕੁਲਵੰਤ ਸਿੰਘ ਦੇ ਡਿਪਲੋਮੈਟ ਪੁੱਤਰ ਨਵਦੀਪ ਸੂਰੀ ਨੇ ਆਪਣੇ ਦਾਦੇ ਦੀ ਖ਼ੂਨੀ ਵਿਸਾਖੀ ਦਾ ਹੁਣ ਅੰਗਰੇਜ਼ੀ ਅਨੁਵਾਦ ਕੀਤਾ ਹੈ। ਘਰ ਵਿੱਚ ਨਾਨਕ ਸਿੰਘ ਨੂੰ ਸਾਰੇ ਬਾਊ ਜੀ ਦੇ ਕਹਿ ਕੇ ਚੇਤੇ ਕਰਦੇ ਹਨ। ਨਵਦੀਪ ਸਿੰਘ ਸੂਰੀ ਦਾ ਕਹਿਣਾ ਹੈ ਕਿ ਹੁਣ ਬਾਊ ਜੀ ਦੀ ਕਵਿਤਾ ਪੰਜਾਬ ਤੋਂ ਬਾਹਰ ਵੀ ਪੁੱਜਣਗੀਆਂ।
‘ਖ਼ੂਨੀ ਵਿਸਾਖੀ’ ਦਾ ਅੰਗਰੇਜ਼ੀ ਅਨੁਵਾਦ ਜਲ੍ਹਿਆਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਮੁਕੰਮਲ ਹੋਣ ਮੌਕੇ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਨਵਦੀਪ ਸੂਰੀ ਨੇ ਅਨੁਵਾਦ ਕਰਦੇ ਸਮੇਂ ਕਵਿਤਾ ਦੀ ਲੈਅ–ਤਾਲ ਦਾ ਵੀ ਪੂਰਾ ਖਿਆਲ ਰੱਖਿਆ ਹੈ। ਇਸ ਕੰਮ ਨੂੰ ਉਨ੍ਹਾਂ ਬਹੁਤ ਸਖ਼ਤ ਮਿਹਨਤ ਤੇ ਸੂਖਮਤਾ ਨਾਲ ਨੇਪਰੇ ਚਾੜ੍ਹਿਆ ਹੈ। ਇਹ ਕਿਤਾਬ ਦਿੱਲੀ ਤੇ ਅੰਮ੍ਰਿਤਸਰ ਵਿਖੇ ਕ੍ਰਮਵਾਰ 13 ਅਪ੍ਰੈਲ ਤੇ 15 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।