
ਪਰਵਾਰ ਵਾਲਿਆਂ ਨੇ ਲਗਾਏ ਪਿੰਡ ਵਾਸੀ 'ਤੇ ਦੋਸ਼
ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬਧਰ ਨਿਵਾਸੀ 25 ਸਾਲਾਂ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਪਿਰਥੀ ਸਿੰਘ ਵਾਸੀ ਮਹਾਂਬਧਰ ਵਜੋਂ ਹੋਈ ਹੈ ਜੋ ਕਿ ਕਟਿੰਗ ਦਾ ਕੰਮ ਕਰਦਾ ਸੀ। ਨਸ਼ੇ ਦੇ ਸੇਵਨ ਤੋਂ ਬਾਅਦ ਨੌਜਵਾਨ ਨੂੰ ਉਸ ਦੇ ਹੀ ਪਿੰਡ ਦਾ ਵਾਸੀ ਉਸ ਨੂੰ ਘਰ ਛੱਡ ਕੇ ਗਿਆ ਪਰ ਉਸ ਦੀ ਹਾਲਤ ਬੁਰੀ ਦੇਖ ਕੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ
ਜਿਥੇ ਡਾਕਟਰਾਂ ਵਲੋ ਉਸ ਨੂੰ ਜਵਾਬ ਦੇ ਦਿਤਾ ਗਿਆ ਅਤੇ ਬਾਅਦ ਵਿਚ ਉਸ ਨੂੰ ਇਕ ਨਿਜੀ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਉਸ ਨੇ ਜਾ ਕੇ ਦਮ ਤੋੜ ਦਿਤਾ ਪਰ ਨੌਜਵਾਨ ਦੀ ਮੌਤ ਦਾ ਜ਼ਿੰਮੇਵਾਰ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਵਾਸੀ ਨੂੰ ਠਹਿਰਾਇਆ ਹੈ ਅਤੇ ਉਸ ਲਈ ਪ੍ਰਸ਼ਾਸ਼ਨ ਵਲੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉਧਰ ਮ੍ਰਿਤਕ ਦੀ ਸੱਸ ਦਾ ਕਹਿਣਾ ਹੈ ਕਿ ਉਸ ਦਾ ਜਵਾਈ ਨਸ਼ੇ ਨਹੀਂ ਕਰਦਾ ਸੀ।
ਉਸ ਨੇ ਕਿਹਾ ਕਿ ਪਿੰਡ ਦਾ ਇਕ ਨੌਜਵਾਨ ਉਸ ਨੂੰ ਲੈ ਗਿਆ ਸੀ ਅਤੇ ਉਸ ਨੇ ਪਿਰਥੀ ਦੇ ਟੀਕਾ ਲਗਾਇਆ ਹੈ। ਪਿੰਡ ਵਾਸੀਆਂ ਨੇ ਵੀ ਨੌਜਵਾਨ ਦੀ ਮੌਤ 'ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਸ ਦੇ ਪਰਿਵਾਰ ਦੀ ਹਾਲਤ ਬਹੁਤ ਮੰਦੀ ਹੈ ਅਤੇ ਉਨ੍ਹਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਲਈ ਗੁਹਾਰ ਲਗਾਈ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।