
99 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਮੌਤਾਂ ਦੀ ਗਿਣਤੀ 8 ਹੋਈ
ਚੰਡੀਗੜ੍ਹ, 7 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਘਟਣ ਦੀ ਥਾਂ ਵਧਦਾ ਹੀ ਦਿਸ ਰਿਹਾ ਹੈ। ਅੱਜ ਸ਼ਾਮ ਤਕ ਸਰਕਾਰੀ ਤੌਰ 'ਤੇ ਤਸਦੀਕ ਪਾਜ਼ੇਟਿਵ ਕੇਸਾਂ ਦਾ ਅੰਕੜਾ 100 ਦੇ ਨੇੜੇ ਢੁੱਕ ਚੁੱਕਾ ਹੈ। 99 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਦੇ ਇਕ ਪਾਜ਼ੇਟਿਵ ਮਰੀਜ਼ ਦੀ ਮੌਤ ਦੀ ਅੱਜ ਪੁਸ਼ਟੀ ਤੋਂ ਬਾਅਦ ਮੌਤਾਂ ਦੀ ਗਿਣਤੀ ਵੀ 8 ਤਕ ਪਹੁੰਚ ਗਈ ਹੈ।
24 ਘੰਟਿਆਂ ਦੇ ਸਮੇਂ ਦੌਰਾਨ 20 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ ਜ਼ਿਕਰਯੋਗ ਗੱਲ ਹੈ ਕਿ ਜ਼ਿਲ੍ਹਾ ਮੋਹਾਲੀ 'ਚ 7 ਨਵੇਂ ਕੇਸ ਇਕੋ ਹੀ ਪਿੰਡ ਜਵਾਹਰਪੁਰ ਤੋਂ ਸਾਹਮਣੇ ਆਏ ਹਨ। ਇਸ ਪਿੰਡ 'ਚੋਂ ਪਹਿਲਾਂ ਵੀ 4 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਜ਼ਿਲ੍ਹਾ ਮੋਹਾਲੀ 'ਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 26 ਹੋਣ ਤੋਂ ਬਾਅਦ ਰਾਜ 'ਚ ਸੱਭ ਤੋਂ ਵੱਧ ਕੋਰੋਨਾ ਵਾਇਰਸ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਪਹਿਲਾਂ ਸੱਭ ਤੋਂ ਵੱਧ 19 ਕੇਸ ਜ਼ਿਲ੍ਹਾ ਨਵਾਂਸ਼ਹਿਰ 'ਚ ਸਨ ਪਰ ਉਥੇ ਹੀ ਨਵੇਂ ਕੇਸ ਸਾਹਮਣੇ ਨਹੀਂ ਆਏ।
CORONA VIRUS
ਪਠਾਨਕੋਟ 'ਚ 6, ਮੋਗਾ 'ਚ 4, ਮਾਨਸਾ 'ਚ 2 ਅਤੇ ਅੰਮ੍ਰਿਤਸਰ 'ਚ 1 ਨਵਾਂ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇਸ ਸਮੀ ਰਾਜ ਦੇ 15 ਜ਼ਿਲ੍ਹੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋ ਚੁੱਕੇ ਹਨ। ਇਸ ਸਮੇਂ ਗੰਭੀਰ ਕੇਸਾਂ ਦੀ ਗਿਣਤੀ 3 ਹੈ।
ਕੁੱਲ ਪਾਜ਼ੇਟਿਵ ਕੇਸਾਂ 'ਚੋਂ 14 ਮਰੀਜ਼ਾਂ ਠੀਕ ਵੀ ਹੋ ਚੁੱਕੇ ਹਨ। ਨਵੇਂ ਕੇਸਾਂ 'ਚ 6 ਤਬਲੀਗੀ ਜਮਾਤ ਨਾਲ ਸਬੰਧਤ ਹਨ, ਜੋ ਮੋਗਾ ਅਤੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਤਰ੍ਹਾਂ ਹੁਣ ਤਕ ਆਏ ਪਾਜ਼ੇਟਿਵ ਕੇਸਾਂ 'ਚ ਤਬਲੀਗੀ ਜਮਾਤ ਨਾਲ ਜੁੜੇ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ। ਹੁਣ ਤਕ ਦਰਜ ਕੁੱਲ 2559 ਸ਼ੱਕੀ ਕੇਸਾਂ 'ਚੋਂ 2204 ਦੀ ਰੀਪੋਰਟ ਨੈਗੇਟਿਵ ਹੈ ਜਦਕਿ 256 ਕੇਸਾਂ ਦੀ ਰੀਪੋਰਟ ਹਾਲੇ ਆਉਣੀ ਬਾਕੀ ਹੈ।