
ਦਿੜ੍ਹਬਾ ਨੇੜੇ ਪਿੰਡ ਗੁੱਜਰਾਂ ਦੇ ਮਜ਼ਦੂਰ ਵਰਗ ਨਾਲ ਸਬੰਧਤ ਦੋ ਬੱਚਿਆਂ ਦੀ ਮੌਤ ਅਤੇ ਇਕ ਬਿਮਾਰ ਦਸਿਆ ਜਾ ਰਿਹਾ ਹੈ।
ਦਿੜ੍ਹਬਾ, 7 ਮਈ (ਪਪ): ਦਿੜ੍ਹਬਾ ਨੇੜੇ ਪਿੰਡ ਗੁੱਜਰਾਂ ਦੇ ਮਜ਼ਦੂਰ ਵਰਗ ਨਾਲ ਸਬੰਧਤ ਦੋ ਬੱਚਿਆਂ ਦੀ ਮੌਤ ਅਤੇ ਇਕ ਬਿਮਾਰ ਦਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਰਨ ਵਾਲੇ ਸਾਢੇ ਚਾਰ ਮਹੀਨਿਆਂ ਦੇ ਬੱਚੇ ਓਂਕਾਰ ਸਿੰਘ ਦੇ ਪਿਤਾ ਕਰਮਜੀਤ ਸਿੰਘ ਅਤੇ ਡੇਢ ਮਹੀਨੇ ਦੀ ਬੱਚੀ ਮਨਰਾਜ ਕੌਰ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਸਰਕਾਰੀ ਡਿਸਪੈਂਸਰੀ ਤੋਂ 28 ਅਪ੍ਰੈਲ ਨੂੰ ਬਿਮਾਰੀਆਂ ਦੇ ਬਚਾਅ ਲਈ ਟੀਕੇ ਲਵਾਏ ਸਨ। ਉਸੇ ਦਿਨ ਤੋਂ ਬੱਚਿਆਂ ਦੀ ਦਸਤ ਅਤੇ ਉਲਟੀਆਂ ਨਾਲ ਹਾਲਤ ਵਿਗੜਨੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਦਾ ਇਲਾਜ ਵੀ ਸੰਗਰੂਰ ਤੋਂ ਕਰਵਾਇਆ ਸੀ।
ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਇਸ ਕਰ ਕੇ ਇਨ੍ਹਾਂ ਬੱਚਿਆਂ ਦੀ 6 ਮਈ ਦੀ ਰਾਤ ਨੂੰ ਮੌਤ ਹੋ ਗਈ। ਉਨ੍ਹਾਂ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਬੱਚਿਆਂ ਦੀ ਮੌਤ ਦਾ ਕਾਰਨ ਸਰਕਾਰੀ ਡਿਸਪੈਂਸਰੀ ਵਿਚੋਂ ਲਾਏ ਗਏ ਟੀਕੇ ਹਨ। 28 ਅਪ੍ਰੈਲ ਨੂੰ ਕਰੀਬ 50 ਬੱਚਿਆਂ ਦੇ ਟੀਕੇ ਲਾਏ ਗਏ ਸਨ। ਇਸ ਕਰ ਕੇ ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਹੋਰ ਬੱਚਿਆਂ ਨੂੰ ਜਾਨ ਤੋਂ ਹੱਥ ਨਾ ਧੋਣੇ ਪੈਣ। ਇਕ ਬੱਚਾ ਸਾਹਿਬ ਸਿੰਘ ਪੁੱਤਰ ਚਮਕੌਰ ਸਿੰਘ ਵੀ ਬਿਮਾਰ ਹੈ, ਉਸ ਦਾ ਵੀ ਇਲਾਜ ਚੱਲ ਰਿਹਾ ਹੈ।
ਇਸ ਮਸਲੇ ਨੂੰ ਲੈ ਕੇ ਨਾਇਬ ਤਹਿਸੀਲਦਾਰ ਦਿੜ੍ਹਬਾ ਗੁਰਬੰਸ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਐਸਐਮਓ ਕੌਹਰੀਆਂ ਨੂੰ ਦਿਤੇ। ਐਸਐਮਓ ਕੌਹਰੀਆਂ ਡਾ. ਤਜਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਪੀੜਤ ਪਰਵਾਰਾਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਹਾਲਤ ਟੀਕਾ ਲੱਗਣ ਤੋਂ ਤਿੰਨ-ਚਾਰ ਦਿਨਾਂ ਬਾਅਦ ਵਿਗੜੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿਤਾ ਅਤੇ ਜੇ ਕੋਈ ਸਿਹਤ ਵਿਭਾਗ ਦੀ ਲਾਪਰਵਾਹੀ ਪਾਈ ਗਈ ਤਾਂ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ।