
ਕਈ ਦਿਨਾਂ ਤੋਂ ਫੈਲਾਅ ਰਿਹਾ ਸੀ ਦਹਿਸ਼ਤ
ਪੰਚਕੂਲਾ, 7 ਮਈ (ਪੀ.ਪੀ. ਵਰਮਾ) : ਪੰਚਕੂਲਾ ਵਿਚ ਪੈਂਦੇ ਮੋਰਨੀ ਬਲਾਕ ਦੇ ਪਿੰਡ ਟਿਕਰੀ ਵਿਚ ਇਕ ਚੀਤਾ ਸ਼ਿਕਾਰ ਕਰਨ ਆਇਆ ਸੀ ਤੇ ਉਹ ਆਪ ਹੀ 15 ਫੁੱਟ ਡੂੰਘੇ ਖੱਡੇ ਵਿਚ ਡਿੱਗ ਪਿਆ। ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੂੰ ਬੁਲਾ ਕੇ ਇਸ ਨੂੰ ਸੁਰੱਖਿਅਤ ਬਾਹਰ ਕਢਿਆ ਗਿਆ।
ਮੋਰਨੀ ਦੇ ਟਿਕਰੀ ਪਿੰਡ ਤੋਂ ਕਾਫ਼ੀ ਦਿਨਾਂ ਤੋਂ ਇਹ ਖ਼ਬਰ ਆ ਰਹੀ ਸੀ ਕਿ ਇਥੇ ਇਕ ਤੇਂਦੂਆ ਰਾਤ ਨੂੰ ਲੋਕਾਂ ਦੇ ਪਸ਼ੂਆਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਚੁਕ ਕੇ ਲੈ ਜਾਂਦਾ ਸੀ। ਇਸ ਚੀਤੇ ਨੇ ਕਰੀਬ 4 ਤੋਂ 5 ਕੁੱਤੇ ਅਤੇ ਤਿੰਨ ਤੋਂ ਚਾਰ ਬਕਰੀਆਂ ਪਹਿਲਾਂ ਹੀ ਉਠਾ ਲਈਆਂ ਸਨ।
File photo
ਇਸੇ ਤਰ੍ਹਾਂ ਇਹ ਦੇਰ ਰਾਤ ਨੂੰ ਪਿੰਡ ਵਿਚ ਫਿਰ ਸ਼ਿਕਾਰ ਕਰਨ ਵਾਸਤੇ ਆਇਆ। ਪਿੰਡ ਵਾਲਿਆਂ ਨੇ ਪਾਣੀ ਜਮ੍ਹਾਂ ਕਰਨ ਵਾਸਤੇ ਇਕ ਖੱਡਾ ਪੁੱਟਿਆ ਹੋਇਆ ਸੀ। ਲਾਕਡਾਊਨ ਕਾਰਨ ਇਸ ਖੱਡੇ ਦਾ ਕੰਮ ਰੁਕ ਗਿਆ ਅਤੇ ਇਹ ਇਸੇ ਤਰ੍ਹਾਂ ਪਿਆ ਹੋਇਆ ਸੀ। ਅਨ੍ਹੇਰੇ ਕਾਰਨ ਇਹ ਚੀਤਾ ਇਸ ਵਿਚ ਡਿੱਗ ਪਿਆ ਤੇ ਬਾਹਰ ਨਾ ਨਿਕਲ ਸਕਿਆ। ਸਵੇਰੇ ਜਦੋਂ ਪਿੰਡ ਵਾਲਿਆਂ ਦੇ ਇਸ ਨੂੰ ਵੇਖਿਆ ਤਾਂ ਪੁਲਿਸ ਅਤੇ ਵਣ ਵਿਭਾਗ ਨੂੰ ਇਸ ਬਾਰੇ ਸੂਚਨਾ ਦਿਤੀ ਗਈ। ਜਿਸ ਤੋਂ ਬਾਅਦ ਵਣ ਵਿਭਾਗ ਦੀ ਟੀਮ ਨੇ ਚੀਤਾ ਨੂੰ ਬਾਹਰ ਕੱਢਿਆ। ਇਹ ਜਾਣਕਾਰੀ ਇਲਾਕੇ ਦੇ ਵਸਨੀਕ ਨਿਸ਼ਾਂਤ ਪ੍ਰਭਾਕਰ, ਮਨਜੀਤ ਸਿੰਘ ਅਤੇ ਕਮਲਦੀਪ ਸਿੰਘ ਨੇ ਦਿਤੀ।