ਟੀਮ ਦੇ ਮੈਂਬਰਾਂ ਨੇ ਸੀਵਰੇਜ ਦੀ ਵੀ ਜਾਂਚ ਕੀਤੀ ਜਿੱਥੋਂ ਗੈਸ ਲੀਕ ਹੁੰਦੀ ਹੈ।
ਲੁਧਿਆਣਾ - ਐਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਦੀ ਟੀਮ ਸੋਮਵਾਰ ਨੂੰ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਪਹੁੰਚੀ। ਇਹ ਟੀਮ ਅੱਠ ਦਿਨ ਪਹਿਲਾਂ ਐਤਵਾਰ ਸਵੇਰੇ ਗੈਸ ਲੀਕ ਮਾਮਲੇ ਦੀ ਜਾਂਚ ਕਰਨ ਪਹੁੰਚੀ ਸੀ। ਅਧਿਕਾਰੀਆਂ ਨੇ ਇਲਾਕੇ ਵਿਚ ਚੱਲ ਰਹੇ ਗੈਰ-ਕਾਨੂੰਨੀ ਰਸਾਇਣਕ ਉਦਯੋਗਾਂ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਅਤੇ ਨਿਗਮ ਅਧਿਕਾਰੀਆਂ ਨੂੰ ਝਾੜ ਵੀ ਪਾਈ। ਐਨਜੀਟੀ ਨੇ ਇਸ ਮਾਮਲੇ ਵਿਚ 8 ਮੈਂਬਰੀ ਤੱਥ ਖੋਜ ਕਮੇਟੀ ਦਾ ਗਠਨ ਕੀਤਾ। ਜੋ ਕਿ 30 ਜੂਨ ਤੱਕ ਰਿਪੋਰਟ ਪੇਸ਼ ਕਰੇਗਾ।
ਟੀਮ ਦੀ ਅਗਵਾਈ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਨੇ ਕੀਤੀ। ਟੀਮ ਵਿਚ ਕੇਂਦਰੀ ਪ੍ਰਦੂਸ਼ਣ ਕੋਟਰੰਲ ਬੋਰਡ ਦੇ ਨਾਰਥ ਰੀਜਨਲ ਡਾਇਰੈਕਟਰ, ਉਦਯੋਗਿਕ ਟਾਕਿਸਕਾਲੌਜੀ ਵਿਗਿਆਨ ਖੋਜ ਕੇਂਦਰ, ਪੀ.ਜੀ.ਆਈ ਚੰਡੀਗੜ੍ਹ ਦੇ ਡਾਇਰੈਕਟਰ, ਐਨ.ਡੀ.ਆਰ.ਐਫ., ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਲੁਧਿਆਣਾ ਸ਼ਾਮਲ ਸੀ। ਟੀਮ ਦੇ ਮੈਂਬਰਾਂ ਨੇ ਸੀਵਰੇਜ ਦੀ ਵੀ ਜਾਂਚ ਕੀਤੀ ਜਿੱਥੋਂ ਗੈਸ ਲੀਕ ਹੁੰਦੀ ਹੈ।
ਟੀਮ ਦੇ ਮੈਂਬਰਾਂ ਨੇ ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਇਲਾਕੇ ਵਿਚ ਚੱਲ ਰਹੀ ਗੈਰ-ਕਾਨੂੰਨੀ ਕੈਮੀਕਲ ਫੈਕਟਰੀ ਬਾਰੇ ਜਾਣਕਾਰੀ ਲਈ ਤੇ ਲੋਕਾਂ ਨੇ ਵੀ ਖੁੱਲ੍ਹ ਕੇ ਅਪਣੀਆਂ ਸਮੱਸਿਆਵਾਂ ਦੱਸੀਆਂ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਵੀ ਟੀਮ ਨੇ ਗੱਲਬਾਤ ਕੀਤੀ ਤੇ ਹਾਦਸੇ ਵਾਲੇ ਦਿਨ ਦੀ ਸਾਰੀ ਜਾਣਕਾਰੀ ਲਈ।
ਜ਼ਿਕਰਯੋਗ ਹੈ ਕਿ ਗਿਆਸਪੁਰਾ 'ਚ 30 ਮਈ ਨੂੰ ਸਵੇਰੇ 7.15 ਵਜੇ ਦੇ ਕਰੀਬ ਗੋਇਲ ਕਰਿਆਨਾ ਦੇ ਬਾਹਰ ਗੈਸ ਲੀਕ ਹੋਣ ਕਰ ਕੇ 11 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਕਈ ਲੋਕ ਬੇਹੋਸ਼ ਹੋ ਗਏ।
ਮ੍ਰਿਤਕਾਂ ਦੀਆਂ ਲਾਸ਼ਾਂ ਦਾ ਮੁਆਇਨਾ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਦਿਮਾਗ ਤੱਕ ਜ਼ਹਿਰੀਲੀ ਗੈਸ ਪਹੁੰਚਣ ਕਾਰਨ ਮੌਤਾਂ ਹੋਈਆਂ ਹਨ। ਮ੍ਰਿਤਕਾਂ ਦੇ ਫੇਫੜਿਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। NGT ਨੇ ਇਸ ਵਿਚ ਮ੍ਰਿਤਕਾਂ ਨੂੰ 20-20 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਐਨਜੀਟੀ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਲਈ ਮੌਤ 'ਤੇ 20 ਲੱਖ ਰੁਪਏ ਦਿੱਤੇ ਜਾਂਦੇ ਹਨ। ਜ਼ਖਮੀਆਂ ਨੂੰ ਸੱਟ ਦੇ ਆਧਾਰ 'ਤੇ ਮੁਆਵਜ਼ਾ ਦਿੱਤਾ ਜਾਂਦਾ ਹੈ।
ਫੈਕਟ ਫਾਇਂਡਿੰਗ ਕਮੇਟੀ ਦੇ ਚੇਅਰਮੈਨ ਡਾ. ਆਦਰਸ਼ ਠਾਕੁਰ ਨੇ ਕਿਹਾ ਕਿ ਫਿਲਹਾਲ ਜਾਂਚ ਮੁੱਢਲੇ ਪੜਾਅ 'ਤੇ ਚੱਲ ਰਹੀ ਹੈ। ਉਹ ਇਸ ਘਟਨਾ ਦੀ ਜ਼ਮੀਨੀ ਪੱਧਰ 'ਤੇ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਹਾਦਸੇ ਸਬੰਧੀ ਕੋਈ ਸਬੂਤ ਹਨ ਤਾਂ ਉਹ ਤੁਰੰਤ ਕਮੇਟੀ ਨੂੰ ਮਿਲਣ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਲਾਕੇ ਵਿਚ ਕਿੰਨੇ ਗੈਰ-ਕਾਨੂੰਨੀ ਉਦਯੋਗ ਚੱਲ ਰਹੇ ਹਨ ਜਾਂ ਕਿੰਨੇ ਦਾ ਇਲਾਜ ਚੱਲ ਰਿਹਾ ਹੈ। ਜਲਦੀ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਜਾਵੇਗਾ।