
11 ਜੂਨ ਤੋਂ 15 ਜੂਨ ਤਕ ਹੋਣ ਜ਼ਿਲ੍ਹਾ ਪਧਰੀ ਰੋਸ ਪ੍ਰਦਰਸ਼ਨ
ਬਠਿੰਡਾ, 7 ਜੂਨ (ਸੁਖਜਿੰਦਰ ਮਾਨ): ਪਿਛਲੇ 130 ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਹੁਣ ਪੰਜਾਬ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਿੱਤਰ ਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਨਾਮ ਅਪਣੀਆਂ ਮੰਗਾਂ ਵਾਲਾ ਪੱਤਰ ਖ਼ੂਨ ਨਾਲ ਲਿਖ ਕੇ ਭੇਜਣ ਦਾ ਐਲਾਨ ਕੀਤਾ ਹੈ।
Aroosa Alamਅੱਜ ਸਥਾਨਕ ਟੀਚਰਜ਼ ਹੋਮ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੰਘਰਸ਼ ਦੀ ਅਗਲੀ ਕੜੀ ਤੋਰਨ ਲਈ ਹੋਈ ਭਰਵੀਂ ਮੀਟਿੰਗ ਵਿਚ ਇਹ ਫ਼ੈਸਲਾ ਲਿਆ। ਇਸ ਦੇ ਨਾਲ ਹੀ ਪਿਛਲੇ ਸਵਾ ਚਾਰ ਮਹੀਨਿਆਂ ਦੇ ਸੰਘਰਸ਼ ਦੌਰਾਨ ਸਰਕਾਰ ਦੌਰਾਨ ਸੁਣਵਾਈ ਨਾ ਕਰਨ ਦੇ ਰੋਸ ਵਜੋਂ ਆਗਾਮੀ 16 ਜੂਨ ਤੋਂ ਬਠਿੰਡਾ ਵਿਖੇ ਚੱਲ ਰਹੇ ਲੜੀਵਾਰ ਰੋਸ ਧਰਨੇ ਨੂੰ ਭੁੱਖ ਹੜਤਾਲ ਵਿਚ ਤਬਦੀਲ ਕਰਨ ਦਾ ਫ਼ੈਸਲਾ ਵੀ ਲਿਆ। ਉਕਤ ਦਿਨ 31 ਆਂਗਨਵਾੜੀ ਵਰਕਰਾਂ ਮਰਨ ਵਰਤ ਸ਼ੂਰੂ ਕਰਨਗੀਆਂ।
Captain Amrinder Singhਮੀਟਿੰਗ ਵਿਚ ਬੋਲਦਿਆਂ ਯੁਨੀਅਨ ਦੀ ਆਗੂ ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਜਥੇਬੰਦੀ ਵਲੋਂ ਕਾਂਗਰਸੀ ਵਿਧਾਇਕਾ, ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਅੱਗੇ ਜਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਭੁੱਖ ਹੜਤਾਲ ਰੱਖੀ ਹੈ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੁਆਰਾ ਸ਼ਾਹਕੋਟ ਜ਼ਿਮਨੀ ਚੋਣ ਦੇ ਨਤੀਜਿਆ ਤੋਂ ਬਾਅਦ ਤੁਹਾਡੀਆਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਸੀ ਪਰ ਭਰੋਸੇ ਸਰਕਾਰ ਦੇ ਲਾਰੇ ਹੀ ਸਾਬਤ ਹੋਏ ਹਨ ਜਿਸ ਕਰ ਕੇ ਯੂਨੀਅਨ ਨੂੰ ਹੁਣ ਹੋਰ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਨਾਂ ਤਕ ਗੱਲ ਪੁੱਜਦੀ ਕਰਨ ਲਈ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਖ਼ੂਨ ਨਾਲ ਮੰਗ ਪੱਤਰ ਲਿਖ ਕੇ ਭੇਜੇ ਜਾਣਗੇ। ਉਨ੍ਹਾਂ ਦਸਿਆ ਕਿ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਅਨੁਸਾਰ 11 ਜੂਨ ਤੋਂ 15 ਜੂਨ ਤਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪੰਜੇ ਹੀ ਦਿਨ ਅਰੂਸਾ ਆਲਮ ਨੂੰ ਖ਼ੂਨ ਨਾਲ ਲਿਖੀਆਂ ਚਿੱਠੀਆਂ ਭੇਜੀਆਂ ਜਾਣਗੀਆਂ।
Anaganwadi Workersਯੂਨੀਅਨ ਦੀ ਆਗੂ ਨੇ ਐਲਾਨ ਕੀਤਾ ਕਿ ਜੇਕਰ ਅਰੂਸਾ ਆਲਮ ਦੇ ਕਹਿਣ 'ਤੇ ਵੀ ਮੁੱਖ ਮੰਤਰੀ ਨੇ ਜਥੇਬੰਦੀਆਂ ਦੀਆਂ ਮੰਗਾਂ ਨੂੰ ਨਾ ਮੰਨੀਆਂ ਤਾਂ ਫਿਰ ਬਠਿੰਡਾ ਵਿਖੇ ਚੱਲ ਰਹੇ ਲੜੀਵਾਰ ਰੋਸ ਧਰਨੇ ਨੂੰ 16 ਜੂਨ ਤੋਂ ਭੁੱਖ ਹੜਤਾਲ ਵਿਚ ਤਬਦੀਲ ਕਰ ਦਿਤਾ ਜਾਵੇਗਾ ਅਤੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਮੇਤ 31 ਵਰਕਰਾਂ ਮਰਨ ਵਰਤ 'ਤੇ ਬੈਠਣਗੀਆਂ।