
ਲੀਡਰਸ਼ਿਪ ਵਲੋਂ ਪਿਛਲੇ ਸਮੇਂ ’ਚ ਲਏ ਗ਼ਲਤ ਫ਼ੈਸਲਿਆਂ ਪ੍ਰਤੀ ਹੁਣ ਵਧ ਸਕਦੈ ਰੋਸ
Shiromani Akali Dal: ਕੋਟਕਪੂਰ (ਗੁਰਿੰਦਰ ਸਿੰਘ): ਭਾਵੇਂ ਅਕਾਲੀ ਦਲ ਬਾਦਲ 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਤ ਵੱਖ-ਵੱਖ ਸਮੇਂ ਹੋਈਆਂ ਜ਼ਿਮਨੀ ਚੋਣਾਂ ਵਿਚ ਹੋਈ ਨਮੋਸ਼ੀਜਨਕ ਹਾਰ ਤੇ ਹੁਣ ਲੋਕ ਸਭਾ ਚੋਣਾਂ ਵਿਚ ਵੀ 13 ਵਿਚੋਂ 10 ਸੀਟਾਂ ’ਤੇ ਅਕਾਲੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਣ ਵਾਲੀ ਘਟਨਾ ਕਾਰਨ ਪਾਰਟੀ ਅੰਦਰ ਇਕਦਮ ਸੰਨਾਟਾ ਛਾਅ ਗਿਆ, ਸੁਖਬੀਰ ਸਿੰਘ ਬਾਦਲ ਸਮੇਤ ਕਿਸੇ ਵੀ ਮੋਹਰੀ ਆਗੂ ਦਾ ਬਿਆਨ ਜਾਂ ਕੋਈ ਪ੍ਰਤੀਕਰਮ ਪੜਨ ਸੁਣਨ ਨੂੰ ਨਾ ਮਿਲਿਆ ਪਰ ਅੱਜ ਪਾਰਟੀ ਦੇ ਤਿੰਨ ਮੂਹਰਲੀ ਕਤਾਰ ਦੇ ਸੀਨੀਅਰ ਆਗੂਆਂ ਦੇ ਆਪੋ-ਅਪਣੇ ਨਜ਼ਰੀਏ ਤੋਂ ਪ੍ਰਗਟਾਏ ਗਏ ਪ੍ਰਤੀਕਰਮ ਅਕਾਲੀ ਦਲ ਅਤੇ ਬਾਦਲ ਪਰਵਾਰ ਲਈ ਖ਼ਤਰੇ ਦਾ ਸੰਕੇਤ ਹਨ, ਕਿਉਂਕਿ ਰਾਜਨੀਤਕ ਮਾਹਰ ਅਕਾਲੀ ਆਗੂਆਂ ਦੀ ਹੈਰਾਨੀਜਨਕ ਅਤੇ ਭੇਦਭਰੀ ਚੁੱਪ ਨੂੰ ਤੂਫ਼ਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਮੰਨ ਰਹੇ ਸਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਨੇ ਆਖਿਆ ਹੈ ਕਿ ਸੁਖਦੇਵ ਸਿੰਘ ਢੀਂਡਸਾ ਵਰਗੇ ਸੀਨੀਅਰ ਅਤੇ ਸਿਆਣੇ ਆਗੂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦੇਣਾ ਅਤੇ ਪੰਜਾਬ ਵਿਚ ਚੋਣ ਪ੍ਰਚਾਰ ਦੇ ਸਿਖਰ ਮੌਕੇ ਸਾਬਕਾ ਅਕਾਲੀ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿਚੋਂ ਕੱਢਣ ਦੀ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦੇਣ ਵਾਲੇ ਸਲਾਹਕਾਰਾਂ ਦੀ ਪੜਤਾਲ ਅਤੇ ਪੜਚੋਲ ਹੋਣੀ ਚਾਹੀਦੀ ਹੈ।
ਇਸੇ ਤਰ੍ਹਾਂ ਪੋ੍ਰ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਕਤ ਨਤੀਜਿਆਂ ਅਤੇ ਪਾਰਟੀ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਅਸੀਂ ਤਾਂ ‘ਨੋਟਾ’ ਦੀ ਤਰਾਂ ਬਣ ਗਏ ਹਾਂ, ਜਿਸ ਦੀ ਕੌਡੀ ਵੀ ਕੀਮਤ ਨਹੀਂ ਹੁੰਦੀ, ਨਾ ਅਸੀਂ ਇੱਧਰ ਦੇ ਰਹੇ ਤੇ ਨਾ ਹੀ ਉਧਰ ਦੇ, ਕਿਉਂਕਿ ਮੌਜੂਦਾ ਲੀਡਰਸ਼ਿਪ ਅਕਾਲੀ ਦਲ ਨੂੰ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ ਤੇ ਪਾਰਟੀ ਨੂੰ ਬਚਾਅ ਨਹੀਂ ਸਕੇਗੀ। ਉਨ੍ਹਾਂ ਦੱਬਵੀਂ ਜ਼ੁਬਾਨ ਵਿਚ ਕਿਹਾ ਕਿ ਲੀਡਰਸ਼ਿਪ ਪਾਰਟੀ ਨੂੰ ਸਿਰਫ਼ ਅਪਣੇ ਹਿਤਾਂ ਲਈ ਹੀ ਵਰਤਦੀ ਹੈ। ਸਮੁੱਚੇ ਮਾਲਵੇ ਦੀਆਂ 69 ਵਿਧਾਨ ਸਭਾ ਸੀਟਾਂ ਵਿਚੋਂ ਇਕੋ-ਇਕ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਜਦੋਂ ਪਾਰਟੀ ਵਲੋਂ ਰਾਸ਼ਟਰਪਤੀ ਦੀ ਚੋਣ ਸਮੇਂ ਭਾਜਪਾ ਦੇ ਹੱਕ ਵਿਚ ਗ਼ਲਤ ਫ਼ੈਸਲਾ ਲਿਆ ਗਿਆ ਸੀ ਤਾਂ ਉਸ ਨੇ ਕਿਸਾਨਾਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਉਕਤ ਚੋਣ ਦਾ ਬਾਈਕਾਟ ਕਰ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਸੀ।
ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਵਲੋਂ ਪਿਛਲੇ ਸਮੇਂ ਵਿਚ ਲਏ ਗਏ ਗ਼ਲਤ ਫ਼ੈਸਲਿਆਂ ਕਾਰਨ ਅਕਾਲੀ ਦਲ ਵਿਚ ਗਿਰਾਵਟ ਆਈ ਹੈ, ਹੁਣ ਜਦੋਂ ਤਕ ਝੂੰਦਾ ਕਮੇਟੀ ਦੀ ਰੀਪੋਰਟ ਲਾਗੂ ਨਹੀਂ ਹੁੰਦੀ, ਉਦੋਂ ਤਕ ਉਹ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣਗੇ। ਇਸ ਸਮੇਂ ਅਕਾਲੀ ਦਲ ਬਾਦਲ ਦੇ ਵੱਖੋ-ਵੱਖਰੀ ਸੋਚ ਰੱਖਣ ਵਾਲੇ ਆਗੂਆਂ ਦੀਆਂ ਬਗ਼ਾਵਤੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।
ਪਿਛਲੇ ਸਮੇਂ ਵਿਚ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵਲੋਂ ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਵੱਖ-ਵੱਖ ਚੋਣਾਂ ਸਮੇਂ ਪਾਰਟੀ ਦੀਆਂ ਟਿਕਟਾਂ ਦੇਣ, ਪਾਰਟੀ ਵਿਚ ਅਹੁਦੇ ਨਿਵਾਜਨ, ਡੇਰਾ ਸਿਰਸਾ ਦੇ ਮੁਖੀ ਨੂੰ ਬਿਨ ਮੰਗੀ ਮਾਫ਼ੀ ਦੇਣ, ਬੇਅਦਬੀ ਮਾਮਲਿਆਂ ਨਾਲ ਜੁੜੇ ਵੱਖ-ਵੱਖ ਕੇਸਾਂ ਵਿਚ ਨਾਮਜ਼ਦ ਮੁਲਜ਼ਮਾਂ ਦੀ ਸਰਪ੍ਰਸਤੀ ਕਰਨ, ਡੇਰਾ ਪੇ੍ਰਮੀ ਪ੍ਰਦੀਪ ਕਲੇਰ ਵਲੋਂ ਬੇਅਦਬੀ ਕਾਂਡ ਵਿਚ ਡੇਰਾ ਮੁਖੀ ਸੌਦਾ ਸਾਧ ਅਤੇ ਹਨੀਪ੍ਰੀਤ ਦੀ ਸ਼ਮੂਲੀਅਤ ਦਾ ਪ੍ਰਗਟਾਵਾ ਕਰਨ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਵਲੋਂ ਚੁੱਪੀ ਵੱਟਣ, 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਦਾ ਇਨਸਾਫ਼ ਮੰਗਦੀਆਂ ਸੰਗਤਾਂ ਉਪਰ ਅੱਤਿਆਚਾਰ ਢਾਹੁਣ, ਤਖ਼ਤਾਂ ਦੇ ਜਥੇਦਾਰਾਂ ਤੋਂ ਸਿੱਖ ਚਿੰਤਕਾਂ ਤੇ ਪੰਥਕ ਵਿਦਵਾਨਾ ਨੂੰ ਜਲੀਲ ਕਰਵਾਉਣ, ਸ਼੍ਰੋਮਣੀ ਕਮੇਟੀ ਸਮੇਤ ਸਿਰਮੌਰ ਪੰਥਕ ਜਥੇਬੰਦੀਆਂ ਨੂੰ ਅਪਣੇ ਪਰਵਾਰਕ ਹਿਤਾਂ ਮੁਤਾਬਕ ਵਰਤਣ ਵਰਗੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਤੋਂ ਬਹੁਤ ਸਾਰੇ ਸੀਨੀਅਰ ਅਕਾਲੀ ਆਗੂ ਨਾਰਾਜ਼ ਅਤੇ ਨਿਰਾਸ਼ ਹਨ, ਜੋ ਸਮਾਂ ਆਉਣ ’ਤੇ ਅਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰ ਸਕਦੇ ਹਨ।
(For more Punjabi news apart from rebellious tones of Bibi Jagir Kaur, Chandumajra and Ayali are sign of danger for Akali Dal!, stay tuned to Rozana Spokesman)