
ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਮਈ 2016 ਵਿਚ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਐਲਾਨਣ ਮਗਰੋਂ ਉੱਚ ਅਧਿਕਾਰੀਆਂ ਦੁਆਰਾ ਸੁਸਤ ਤੇ ਢਿੱਲੇ ਪ੍ਰਬੰਧਾਂ ...
ਚੰਡੀਗੜ੍ਹ, ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਮਈ 2016 ਵਿਚ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਐਲਾਨਣ ਮਗਰੋਂ ਉੱਚ ਅਧਿਕਾਰੀਆਂ ਦੁਆਰਾ ਸੁਸਤ ਤੇ ਢਿੱਲੇ ਪ੍ਰਬੰਧਾਂ ਹੇਠ ਚਲਾਏ ਜਾ ਰਹੇ 'ਸਮਾਰਟ ਸਿਟੀ' ਪ੍ਰਾਜੈਕਟ 'ਤੇ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਿਵਲ ਸਕੱਤਰੇਤ 'ਚ ਪ੍ਰਾਜੈਕਟਾਂ ਨੂੰ ਮੁੜ ਅਰੰਭ ਕਰਨ ਲਈ ਰੀਵਿਊ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਬਦਨੌਰ ਨੇ ਸਵੱਛ ਭਾਰਤ ਸਫ਼ਾਈ ਮਿਸ਼ਨ ਅਧੀਨ ਚੰਡੀਗੜ੍ਹ ਸ਼ਹਿਰ ਨੂੰ ਐਤਕੀਂ ਸਰਵੇਖਣ 'ਚ ਪਹਿਲੇ ਸਥਾਨ 'ਤੇ ਲਿਆਉਣ ਲਈ ਵੀ ਜ਼ੋਰ ਦਿਤਾ। ਪਿਛਲੇ ਸਾਲ ਚੰਡੀਗੜ੍ਹ ਸਰਵੇਖਣ 'ਚ ਤੀਜੇ ਸਥਾਨ 'ਤੇ ਆਇਆ ਸੀ।
ਇਸ ਰੀਵਿਊ ਮੀਟਿੰਗ ਵਿਚ ਸਲਾਹਕਾਰ ਪ੍ਰੀਮਲ ਰਾਏ, ਗ੍ਰਹਿ ਸਕੱਤਰ ਅਰੁਣ ਗੁਪਤਾ, ਵਿੱਤ ਸਕੱਤਰ ਅਜੋਏ ਕੁਮਾਰ ਸਿਨਹਾ, ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਹਿੱਸਾ ਲਿਆ। ਗਾਰਬੇਜ਼ ਪ੍ਰੋਸੈਸਿੰਗ ਪਲਾਂਟ ਡੱਡੂਮਾਜਰਾ ਦੀ ਮਾੜੀ ਹਾਲਤ 'ਤੇ ਚਿੰਤਾ ਪ੍ਰਗਟਾਈ: ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਮੀਟਿੰਗ 'ਚ ਪਲਾਂਟ ਚਲਾ ਰਹੀ ਜੇ.ਪੀ. ਐਸੋਸੀਏਟ ਕੰਪਨੀ ਵਲੋਂ ਸ਼ਹਿਰ ਦਾ ਅੱਧਾ-ਪੁਚੱਧਾ ਹੀ ਕੂੜਾ ਚੁੱਕਣ ਅਤੇ ਬਾਕੀ ਡੰਪਿੰਗ ਗਰਾਊਂਡ 'ਚ ਸੁੱਟੇ ਜਾਣ ਤੋਂ ਪੈਦਾ ਹੋਏ ਤਾਜ਼ਾ ਹਾਲਾਤ ਦੀ ਅਫ਼ਸਰਾਂ ਤੋਂ ਜਾਣਕਾਰੀ ਮੰਗੀ ਅਤੇ ਚਿੰਤਾ ਪ੍ਰਗਟ ਕੀਤੀ।
ਨਿਗਮ ਦੇ ਕਮਿਸ਼ਨਰ ਨੇ ਭਰੋਸਾ ਦਿਤਾ ਕਿ ਪਲਾਂਟ ਮਾਲਕ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਰਹੇ ਹਨ ਅਤੇ ਹੁਣ ਹਾਲਾਤ 'ਚ ਕਾਫ਼ੀ ਸੁਧਾਰ ਹੋਇਆ ਹੈ।
ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸ਼ਹਿਰ 'ਚ 24*7 ਘੰਟੇ ਪਾਣੀ ਦੀ ਸਪਲਾਈ ਦਾ ਜਾਇਜ਼ਾ : ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਸ਼ਹਿਰ 'ਚ 5ਵੇਂ ਅਤੇ 6ਵੇਂ ਫ਼ੇਜ਼ ਅਧੀਨ ਭਾਖੜਾ ਨਹਿਰ ਤੋਂ ਕਾਜੌਲੀ ਵਾਟਰ ਵਰਕਸ ਰਾਹੀਂ ਚੰਡੀਗੜ੍ਹ ਸ਼ਹਿਰ ਲਈ 24 ਘੰਟੇ ਪਾਣੀ ਦੀ ਬਹਾਲੀ 'ਚ ਹੋ ਰਹੀ ਦੇਰੀ ਦਾ ਜਾਇਜ਼ਾ ਲਿਆ। ਉਨ੍ਹਾਂ ਨਗਰ ਨਿਗਮ ਤੇ ਪ੍ਰਸ਼ਾਸਨ ਦੇ ਅਫ਼ਸਰਾਂ ਨੁੰ ਛੇਤੀ ਤੋਂ ਛੇਤੀ ਇਹ ਪ੍ਰਾਜੈਕਟ ਮੁਕੰਮਲ ਕਰਨ ਦਾ ਵਾਸਤਾ ਪਾਇਆ।
ਦੋ ਸਟੇਡੀਅਮਾਂ ਨੂੰ ਨੇਪਰੇ ਚੜ੍ਹਾਉਣ 'ਤੇ ਜ਼ੋਰ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਖ਼ਾਸਕਰ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਕੌਮਾਂਤਰੀ ਖੇਡਾਂ ਵਲ ਪ੍ਰੇਰਿਤ ਕਰਨ ਲਈ ਸੈਕਟਰ-34 ਅਤੇ 42 ਵਿਚ ਵਿਸ਼ਾਲ ਖੇਡ ਸਟੇਡੀਅਮ ਤਿਆਰ ਕੀਤੇ ਜਾਣੇ ਹਨ ਜਿਨ੍ਹਾਂ ਦਾ ਨੀਂਹ ਪੱਥਰ ਬਦਨੌਰ ਪਹਿਲਾਂ ਹੀ ਇਸੇ ਸਾਲ ਦੇ ਸ਼ੁਰੂ ਵਿਚ ਰੱਖ ਚੁਕੇ ਹਨ ਪਰ ਇੰਜੀਨੀਅਰਿੰਗ ਵਿਭਾਗ ਨੇ ਪ੍ਰਾਜੈਕਟਾਂ ਦੀ ਡੀ.ਪੀ.ਆਰ. (ਡਿਟੇਲ ਪ੍ਰਾਜੈਕਟ ਰੀਪੋਰਟ) ਹਾਲੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਕੀਤੀ ਅਤੇ ਨਾ ਹੀ ਟੈਂਡਰ ਠੇਕੇਦਾਰਾਂ ਨੂੰ ਅਲਾਟ ਹੋਏ।