
ਸ਼ਿਕਾਇਤਕਰਤਾ ਮੋਹਨ ਲਾਲ ਵਾਸੀ ਸੁੰਦਰ ਨਗਰ, ਜਲੰਧਰ ਦੀ ਸ਼ਿਕਾਇਤ ’ਤੇ ਦੋਸ਼ੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤਾ ਗਿਆ ਕਾਬੂ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਅੱਜ ਪੰਜਾਬ ਵਕਫ਼ ਬੋਰਡ ਜਲੰਧਰ ਦੇ ਦਫ਼ਤਰ ਵਿਖੇ ਤੈਨਾਤ ਤਿੰਨ ਮੁਲਾਜ਼ਮਾਂ ਨੂੰ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵਲੋਂ ਪੰਜਾਬ ਵਕਫ਼ ਬੋਰਡ ਜਲੰਧਰ ਦੇ ਦਫ਼ਤਰ ਵਿਖੇ ਤੈਨਾਤ ਅਸਟੇਟ ਅਫ਼ਸਰ ਅਲੀ ਹਸਨ, ਮੁਹੰਮਦ ਯਾਸਿਨ ਕਲਰਕ ਅਤੇ ਮੁਹੰਮਦ ਯੂਸਫ ਸੇਵਾਦਾਰ ਨੂੰ ਸ਼ਿਕਾਇਤਕਰਤਾ ਮੋਹਨ ਲਾਲ ਵਾਸੀ ਸੁੰਦਰ ਨਗਰ, ਜਲੰਧਰ ਦੀ ਸ਼ਿਕਾਇਤ ’ਤੇ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।
Bribe Case
ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਪੰਜਾਬ ਵਕਫ਼ ਬੋਰਡ ਵਲੋਂ ਉਸ ਨੂੰ ਲੀਜ਼ ’ਤੇ ਅਲਾਟ ਕੀਤੇ ਪਲਾਟ ਦੇ ਬਕਾਇਆ ਪਏ ਕਿਰਾਏ ਨੂੰ ਸੈਟਲ ਕਰਨ ਬਦਲੇ 40,000 ਰੁਪਏ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵਲੋਂ ਪਹਿਲਾਂ ਹੀ 5,000 ਰੁਪਏ ਰਿਸ਼ਵਤ ਵਜੋਂ ਉਕਤ ਦੋਸ਼ੀਆਂ ਨੂੰ ਅਦਾ ਕੀਤੇ ਜਾ ਚੁੱਕੇ ਹਨ।
Bribe Case
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਤਿੰਨਾਂ ਦੋਸ਼ੀਆਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਲੰਧਰ ਸਥਿਤ ਵਿਜੀਲੈਂਸ ਬਿਊਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।