
ਬੇਕਸੂਰ 'ਰੋਜ਼ਾਨਾ ਸਪੋਕਸਮੈਨ' ਨੂੰ ਲਗਾਤਾਰ 10 ਸਾਲ ਭੁਗਤਣਾ ਪਿਆ ਖ਼ਮਿਆਜ਼ਾ
ਕੋਟਕਪੂਰਾ : ਮਈ 2007 'ਚ ਜਦੋਂ ਸੌਦਾ ਸਾਧ ਨੇ ਡੇਰਾ ਸਲਾਬਤਪੁਰਾ 'ਚ ਸ਼ਰੇਆਮ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਂਦਿਆਂ ਆਪਣੇ ਪ੍ਰੇਮੀਆਂ ਨੂੰ ਰੂਹ ਅਫ਼ਜ਼ਾ ਪਿਲਾ ਕੇ ਜਾਮ-ਏ-ਇੰਸਾ ਦਾ ਨਾਮ ਦਿੰਦਿਆਂ ਸਿੱਖਾਂ ਨੂੰ ਚਿੜਾਉਣ ਦੀ ਕੋਈ ਕਸਰ ਨਾ ਛੱਡੀ ਤਾਂ ਉਸ ਵੇਲੇ ਕੁੱਝ ਅਖ਼ਬਾਰਾਂ ਨੇ ਉਸ ਦੇ ਇਸ਼ਤਿਹਾਰ ਵੀ ਪ੍ਰਕਾਸ਼ਤ ਕੀਤੇ ਪਰ ਰੋਜ਼ਾਨਾ ਸਪੋਕਸਮੈਨ ਨੇ ਸੋਦਾ ਸਾਧ ਦੀ ਸਾਜਿਸ਼ ਨੰਗੀ ਕਰਦਿਆਂ ਵਿਸਥਾਰ ਨਾਲ ਦੱਸ ਦਿਤਾ ਕਿ ਹੁਣ ਸਿਆਸੀ ਲੋਕਾਂ ਦੀ ਸ਼ਹਿ 'ਤੇ ਸਿੱਖ ਕੌਮ ਦੇ ਹਿਰਦੇ ਵਲੂੰਧਰਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ।
Sauda Sadh
ਭਾਵੇਂ ਮਾਰਚ 2007 'ਚ ਹੋਂਦ 'ਚ ਆਈ ਬਾਦਲ ਸਰਕਾਰ ਦਾ ਲਗਾਤਾਰ 10 ਸਾਲ ਰੋਜ਼ਾਨਾ ਸਪੋਕਸਮੈਨ ਨੂੰ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਆਰਥਕ ਨਾਕਾਬੰਦੀ, ਝੂਠੇ ਪੁਲਿਸ ਮਾਮਲੇ, ਜਾਨੋ ਮਾਰਨ ਦੀਆਂ ਧਮਕੀਆਂ, ਕੂੜ-ਪ੍ਰਚਾਰ ਦੇ ਬਾਵਜੂਦ 29 ਸਤੰਬਰ 2007 ਨੂੰ ਰੋਜ਼ਾਨਾ ਸਪੋਕਸਮੈਨ ਦੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ 'ਚ ਸਥਿਤ 7 ਸਬ ਦਫ਼ਤਰਾਂ ਨੂੰ ਤਹਿਸ਼ ਨਹਿਸ ਕਰ ਦਿਤਾ ਗਿਆ ਪਰ ਰੋਜ਼ਾਨਾ ਸਪੋਕਸਮੈਨ ਨੇ ਸੱਚ ਲਿਖਣਾ ਜਾਰੀ ਰਖਿਆ।
Parkash Badal With Sukhbir Badal
ਮਾਰਚ 2007 'ਚ ਹੋਂਦ 'ਚ ਆਈ ਬਾਦਲ ਸਰਕਾਰ ਨੇ ਮਹਿਜ਼ ਦੋ ਮਹੀਨਿਆਂ ਬਾਅਦ ਸੌਦਾ ਸਾਧ ਦੇ ਸਵਾਂਗ ਰਚਾਉਣ ਵਿਰੁਧ ਮੂੰਹ ਖੋਲਣਾ ਜ਼ਰੂਰੀ ਨਾ ਸਮਝਿਆ ਅਤੇ ਉਕਤ ਘਟਨਾ ਤੋਂ ਚਾਰ ਮਹੀਨਿਆਂ ਬਾਅਦ ਨੂਰਮਹਿਲੀਆਂ ਦੀ ਗੁੰਡਾਗਰਦੀ ਵਿਰੁਧ ਵੀ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਤੱਕ ਨਾ ਸਮਝੀ ਗਈ। ਜਦੋਂ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਣ, 25 ਸਤੰਬਰ ਨੂੰ ਡੇਰਾ ਪ੍ਰੇਮੀਆਂ ਭੜਕਾਊ ਪੋਸਟਰ ਲਾਉਣ, 12 ਅਕਤੂਬਰ ਨੂੰ ਬੇਅਦਬੀ ਅਤੇ 14 ਅਕਤੂਬਰ 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀਆ ਅੱਤਿਆਚਾਰ ਢਾਹਿਆ ਗਿਆ ਤਾਂ ਉਕਤ ਘਟਨਾਵਾਂ ਸਬੰਧੀ 'ਰੋਜ਼ਾਨਾ ਸਪੋਕਸਮੈਨ' ਦੀ ਨਿਰਪੱਖ, ਖੋਜੀ ਅਤੇ ਦਲੇਰਾਨਾ ਪੱਤਰਕਾਰੀ ਦੀ ਪੰਥਕ ਹਲਕਿਆਂ 'ਚ ਖੂਬ ਚਰਚਾ ਰਹੀ।
Rozana Spokesman
ਪੰਥਕ ਵਿਦਵਾਨਾ ਅਤੇ ਸਿੱਖ ਚਿੰਤਕਾਂ ਦਾ ਮੰਨਣਾ ਹੈ ਕਿ ਪੰਥ ਦੀ ਚੜਦੀਕਲਾ ਦਾ ਪ੍ਰਤੀਕ ਬਣ ਚੁੱਕੇ ਰੋਜਾਨਾ ਸਪੋਕਸਮੈਨ ਨੂੰ ਬੰਦ ਕਰਾਉਣ ਵਾਲੀਆਂ ਸਿੱਖ ਸ਼ਕਲਾਂ ਵਾਲੀਆਂ ਸ਼ਖਸ਼ੀਅਤਾਂ ਹੁਣ ਪੂਰੀ ਤਰਾਂ ਮੁਸੀਬਤ 'ਚ ਘਿਰ ਚੁੱਕੀਆਂ ਹਨ, ਜਦਕਿ ਰੋਜਾਨਾ ਸਪੋਕਸਮੈਨ ਵਲੋਂ ਅੱਜ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮੁਦੱਈ ਹੋਣ ਦੀਆਂ ਅਨੇਕਾਂ ਉਦਾਹਰਨਾਂ ਪੇਸ਼ ਕੀਤੀਆਂ ਜਾ ਹਰੀਆਂ ਹਨ।