
ਭਾਰਤ ਵਿਚੋਂ ਵਿਦੇਸ਼ਾਂ ਵਲ ਉੱਚ ਵਿਦਿਆ ਦੇ ਰੂਪ ਵਿਚ ਬੱਚਿਆਂ ਦੁਆਰਾ 2019 ਦੌਰਾਨ 157 ਅਰਬ 50 ਕਰੋੜ ਰੁਪਏ ਨਿਵੇਸ਼
ਸੰਗਰੂਰ, 7 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਬੇਰੁਜ਼ਗਾਰੀ ਦੇ ਆਲਮ ਕਾਰਨ ਇਕਲੌਤੇ ਬੱਚੇ ਜਦੋਂ ਰੁਜ਼ਗਾਰ ਦੀ ਭਾਲ ਵਿਚ ਬਜ਼ੁਰਗ ਮਾਪਿਆਂ ਨੂੰ ਇਕੱਲਿਆਂ ਛੱਡ ਕੇ ਵਿਦੇਸ਼ਾਂ ਵਲ ਕੂਚ ਕਰਦੇ ਹਨ ਤਾਂ ਉਨ੍ਹਾਂ ਬਜ਼ੁਰਗ ਮਾਪਿਆਂ 'ਤੇ ਕੀ ਬੀਤਦੀ ਹੈ, ਜਾਂ ਤਾਂ ਪ੍ਰਮਾਤਮਾ ਜਾਣਦਾ ਹੈ ਜਾਂ ਮਾਪੇ | ਦੇਸ਼ ਵਿਚ ਸੱਭ ਤੋਂ ਵੱਧ ਸਾਡੇ ਪੰਜਾਬ ਦੇ ਜੰਮਪਲ ਬੱਚੇ ਉੱਚ ਵਿਦਿਆ ਹਾਸਲ ਕਰਨ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਵਿਦੇਸ਼ਾਂ ਵਲ ਵਹੀਰਾਂ ਘੱਤ ਰਹੇ ਹਨ ਭਾਵੇਂ ਇਹ ਪ੍ਰਕਿਰਿਆ ਵਿਦੇਸ਼ਾਂ ਵਿਚੋਂ ਵਿਦਿਆ ਹਾਸਲ ਕਰ ਕੇ ਵਾਪਸ ਭਾਰਤ ਆਉਣ ਤਕ ਹੀ ਸੀਮਤ ਹੈ ਪਰ ਫਿਰ ਵੀ ਵਿਦੇਸ਼ ਵਿਚੋਂ ਉੱਚ ਵਿਦਿਆ ਹਾਸਲ ਕਰਨ ਗਿਆ ਕੋਈ ਵੀ ਬੱਚਾ ਵਾਪਸ ਭਾਰਤ ਨਹੀਂ ਆਉਣਾ ਚਾਹੁੰਦਾ | ਅਪਣੀ ਨਿਰਧਾਰਤ ਵਿਦਿਆ ਮੁਕੰਮਲ ਕਰਨ ਤੋਂ ਬਾਅਦ ਵਿਦੇਸ਼ ਗਿਆ ਲਗਭਗ ਹਰ ਬੱਚਾ ਪਹਿਲਾਂ ਵਰਕ ਪਰਮਿਟ ਲੈਂਦਾ ਹੈ ਅਤੇ ਬਾਅਦ ਵਿਚ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਪੀ.ਆਰ ਅਪਲਾਈ ਕਰ ਕੇ ਸਬੰਧਤ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਦਾ ਯਤਨ ਕਰਦਾ ਹੈ | ਜੇਕਰ ਸਰਕਾਰੀ ਅੰਕੜਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਸਾਲ 2017 ਦੌਰਾਨ 123940 ਭਾਰਤੀ ਬੱਚਿਆਂ ਨੇ ਕੈਨੇਡਾ ਲਈ ਪ੍ਰਵਾਸ ਕੀਤਾ |
ਇਸੇ ਤਰਾਂ੍ਹ ਵਿਦੇਸ਼ ਵਿਚ ਹਾਇਰ ਐਜੂਕੇਸ਼ਨ ਹਾਸਲ ਕਰਨ ਲਈ ਸਾਲ 2018 ਵਿਚ ਬੱਚਿਆਂ ਦੀ ਇਹ ਗਿਣਤੀ 172625 ਹੋ ਗਈ | ਇਸੇ ਤਰ੍ਹਾਂ ਸਾਲ 2019 ਦੌਰਾਨ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਗਿਣਤੀ 218443
ਤਕ ਪਹੁੰਚ ਗਈ | ਜੇਕਰ ਸਾਲ 2019 ਦੌਰਾਨ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਇੰਗਲੈਂਡ ਵਿਚ ਉੱਚ ਸਿਖਿਆ ਹਾਸਲ ਕਰਨ ਵਾਲੇ ਸਾਡੇ ਕੁਲ ਭਾਰਤੀ ਬੱਚਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ 10 ਲੱਖ ਤੋਂ ਵੀ ਪਾਰ ਹੋ ਜਾਂਦੀ ਹੈ |
ਕੈਨੇਡਾ ਵਿਚ ਉੱਚ ਵਿਦਿਆ ਹਾਸਲ ਕਰਨ ਲਈ ਜਾਣ ਵਾਲੇ ਹਰ ਇਕ ਬੱਚੇ ਨੂੰ ਤਕਰੀਬਨ 15 ਲੱਖ ਰੁਪਏ ਫ਼ੰਡ ਦੀ ਜ਼ਰੂਰਤ ਹੁੁੰਦੀ ਹੈ | ਸਾਲ 2017 ਦੌਰਾਨ ਕੈਨੇਡਾ ਜਾਣ ਵਾਲੇ ਬੱਚੇ ਫ਼ੀਸਾਂ ਦੇ ਰੂਪ ਵਿਚ 18 ਅਰਬ 59 ਕਰੋੜ ਰੁਪਏ ਅਪਣੇ ਨਾਲ ਲੈ ਕੇ ਗਏ | 2018 ਦੌਰਾਨ 25 ਅਰਬ 89 ਕਰੋੜ ਰੁਪਏ ਦਾ ਭਾਰਤੀ ਸਰਮਾਇਆ ਕੈਨੇਡਾ ਗਿਆ ਅਤੇ 2019 ਦੌਰਾਨ 32 ਅਰਬ 76 ਕਰੋੜ ਰੁਪਏ ਦਾ ਭਾਰਤੀ ਸਰਮਾਇਆ ਕੈਨੇਡਾ ਗਿਆ | ਜਿਵੇਂ ਕਿ 2019 ਦੌਰਾਨ 10 ਲੱਖ ਤੋਂ ਵੀ ਵੱਧ ਭਾਰਤੀ ਬੱਚੇ ਵਿਦੇਸ਼ਾਂ ਵਿਚ ਪ੍ਰਵਾਸ ਕਰ ਗਏ ਜਿਸ ਨਾਲ 157 ਅਰਬ 50 ਕਰੋੜ ਰੁਪਏ ਦਾ ਭਾਰਤੀ ਸਰਮਾਇਆ ਵਿਦੇਸ਼ ਚਲਾ ਗਿਆ | ਉੇੱਚ ਵਿਦਿਆ ਹਾਸਲ ਕਰਨ ਗਏ ਬੱਚਿਆਂ ਨਾਲ ਜਿਥੇ ਦੇਸ਼ ਦਾ ਅਰਬਾਂ ਖਰਬਾਂ ਰੁਪਏ ਬਾਹਰ ਚਲਾ ਜਾਂਦਾ ਹੈ ਉੱਥੇ ਬੱਚਿਆਂ ਦੇ ਰੂਪ ਵਿਚ ਭਾਰਤੀ ਦਿਮਾਗ ਵੀ ਵਿਦੇਸ਼ਾਂ ਵਲ ਪ੍ਰਵਾਸ ਕਰ ਰਹੇ ਹਨ |