
ਦੇਸ਼ਮੁਖ ਵਿਰੁਧ ਅਪਣੀ ਜਾਂਚ ਦਾ ਦਾਇਰਾ ਵਧਾਏ ਸੀਬੀਆਈ : ਬੰਬੇ ਹਾਈ ਕੋਰਟ
ਮੁੰਬਈ, 7 ਜੁਲਾਈ : ਬੰਬੇ ਹਾਈ ਕੋਰਟ ਨੇ ਬੁਧਵਾਰ ਨੂੰ ਕਿਹਾ, ਉਸ ਨੂੰ ਉਮੀਦ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਦਾਇਰ ਐਫ਼ਆਈਆਰ ਦੇ ਸਿਲਸਿਲੇ ਵਿਚ ਸੀਬੀਆਈ ਅਪਣੀ ਜਾਂਚ ਦਾ ਦਾਇਰਾ ਵਧਾਏਗੀ। ਅਦਾਲਤ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਦਾ ਮੁਖੀ ਬੇਕਸੂਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਅਤੇ ਉਹ ਸਮਾਨ ਰੂਪ ਨਾਲ ਜ਼ਿੰਮੇਵਾਰ ਹੈ। ਜਸਟਿਸ ਐੱਸਐੱਸ ਸ਼ਿੰਦੇ ਅਤੇ ਜਸਟਿਸ ਐੱਨਜੇ ਜਾਮਦਾਰ ਦੇ ਬੈਂਚ ਨੇ ਕਿਹਾ ਕਿ ਜੇਕਰ ਹਾਈ ਕੋਰਟ ਦੇ ਪੰਜ ਅਪ੍ਰਰੈਲ ਦੇ ਆਦੇਸ਼ ਨੂੰ ਸਹੀ ਮਾਅਨਿਆਂ ‘ਚ ਦੇਖਿਆ ਜਾਵੇ ਤਾਂ ਹਰ ਵਿਅਕਤੀ ਦੀ ਭੂਮਿਕਾ ਦੀ ਜਾਂਚ ਕਰਨੀ ਹੋਵੇਗੀ। ਪੰਜ ਅਪ੍ਰਰੈਲ ਨੂੰ ਹਾਈ ਕੋਰਟ ਨੇ ਦੇਸ਼ਮੁਖ ਖ਼ਿਲਾਫ਼ ਲਾਏ ਗਏ ਭਿ੍ਰਸ਼ਟਾਚਾਰ ਦੇ ਦੋਸ਼ਾਂ ਖ਼ਿਲਾਫ਼ ਸੀਬੀਆਈ ਨੂੰ ਮੁੱਢਲੀ ਜਾਂਚ ਦੇ ਆਦੇਸ਼ ਦਿੱਤੇ ਸਨ। ਅਦਾਲਤ ਦੇਸ਼ਮੁਖ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ ਜਿਸ ਵਿਚ ਸੀਬੀਆਈ ਵੱਲੋਂ 24 ਅਪ੍ਰੈਲ ਨੂੰ ਉਨ੍ਹਾਂ ਖ਼ਿਲਾਫ਼ ਭਿ੍ਰਸ਼ਟਾਚਾਰ ਅਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਵਿਚ ਦਰਜ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਇਹ ਐੱਫਆਈਆਰ ਹਾਈ ਕੋਰਟ ਦੇ ਆਦੇਸ਼ ’ਤੇ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਦਰਜ ਕੀਤੀ ਗਈ ਸੀ। ਬੈਂਚ ਨੇ ਕਿਹਾ, ਜਿਹੜਾ ਵੀ ਪ੍ਰਸ਼ਾਸਨ ਦਾ ਮੁਖੀ ਹੋਵੇ, ਇਹ ਕਹਿ ਕੇ ਬੇਕਸੂਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ ਕਿ ਉਹ ਸਿਰਫ਼ ਕਾਰਜਪਾਲਿਕਾ ਦੇ ਆਦੇਸ਼ ਦਾ ਪਾਲਣ ਕਰ ਰਿਹਾ ਸੀ। ਪ੍ਰਸ਼ਾਸਨ ਦਾ ਮੁਖੀ ਵੀ ਸਮਾਨ ਰੂਪ ਨਾਲ ਜ਼ਿੰਮੇਵਾਰ ਹੈ। ਮੰਤਰੀ ਨੇ ਸਚਿਨ ਵਝੇ ਨੂੰ ਬਹਾਲ ਕਰਨ ਲਈ ਕਿਹਾ ਹੋਵੇਗਾ, ਪਰ ਕੀ ਮੁਖੀ ਅਤੇ ਸਿਖਰਲੇ ਅਹੁਦੇ ’ਤੇ ਬੈਠਾ ਵਿਅਕਤੀ ਅਪਣੇ ਫ਼ਰਜ਼ਾਂ ਦਾ ਪਾਲਣ ਕੀਤੇ ਬਗੈਰ ਸਿਰਫ਼ ਆਦੇਸ਼ਾਂ ਦਾ ਪਾਲਣ ਕਰ ਸਕਦਾ ਹੈ।‘ ਜਸਟਿਸ ਸ਼ਿੰਦੇ ਨੇ ਕਿਹਾ, ‘ਸਾਨੂੰ ਉਮੀਦ ਹੈ ਕਿ ਸੀਬੀਆਈ ਆਪਣੀ ਜਾਂਚ ਦਾ ਦਾਇਰਾ ਵਧਾਏਗੀ। ਉਮੀਦ ਹੈ ਕਿ ਸੀਬੀਆਈ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਾਜ਼ਿਸ਼ਕਰਤਾ ਕੌਣ ਹੈ।’ ਬੈਂਚ ਨੇ ਕਿਹਾ, ਜੇਕਰ ਵਝੇ ਏਨਾ ਹੀ ਖ਼ਤਰਨਾਕ ਵਿਅਕਤੀ ਸੀ ਤਾਂ ਉਨ੍ਹਾਂ ਨੂੰ ਪੁਲਿਸ ’ਚ ਬਹਾਲ ਕਰਨ ਵਾਲੀ ਕਮੇਟੀ ਨੂੰ ਵੀ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਸਵਾਲ ਕੀਤਾ, ‘ਹਾਲੇ ਅਸੀਂ ਕੋਈ ਨਾਂ ਨਹੀਂ ਲੈ ਰਹੇ ਹਾਂ। 15 ਸਾਲ ਬਾਅਦ ਇਸ ਇੰਸਪੈਕਟਰ (ਵਝੇ) ਨੂੰ ਕਿਸ ਨੇ ਬਹਾਲ ਕੀਤਾ?’ ਸੀਬੀਆਈ ਵਲੋਂ ਪੇਸ਼ ਐਡੀਸ਼ਨਲ ਸਾਲਿਸਟਰ ਜਨਰਲ ਅਮਨ ਲੇਖੀਨੇ ਦਸਿਆ ਕਿ ਜਾਂਚ ਏਜੰਸੀ ਨੇ ਪਤਾ ਲਗਾ ਲਿਆ ਹੈ ਕਿ ਸਾਜ਼ਿਸ਼ਕਰਤਾ ਕੌਣ ਹੈ। (ਏਜੰਸੀ)